ਆਕਲੈਂਡ (ਐੱਨ ਜੈੱਡ ਤਸਵੀਰ) ਮਾਊਂਟ ਮਾਂਗਾਨੁਈ ਵਿੱਚ ਵਾਪਰੀ ਭਿਆਨਕ ਭੂਸਖਲਨ ਘਟਨਾ ਦੌਰਾਨ 15 ਸਾਲਾ ਸ਼ੈਰਨ ਮੱਕਾਨੀਕੋ ਦੀ ਮੌਤ ਹੋਣ ਨਾਲ ਉਸਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਸ਼ੈਰਨ ਦੇ ਮਾਪਿਆਂ ਨੇ ਕਿਹਾ ਹੈ ਕਿ ਧੀ ਨੂੰ ਗੁਆਉਣ ਦਾ ਸਦਮਾ ਉਹਨਾਂ ਲਈ ਅਸਹਨਸ਼ੀਲ ਹੈ ਅਤੇ ਉਹ ਅਜੇ ਵੀ ਇਸ ਹਕੀਕਤ ਨੂੰ ਸਵੀਕਾਰ ਨਹੀਂ ਕਰ ਪਾ ਰਹੇ।
ਕੋਰੋਨਰ ਦੀ ਅਦਾਲਤ ਵਿੱਚ ਸ਼ੈਰਨ ਦੀ ਪਛਾਣ ਹੋਣ ਤੋਂ ਬਾਅਦ ਮਾਪਿਆਂ ਨੇ ਦੱਸਿਆ ਕਿ ਉਹ ਛੁੱਟੀਆਂ ਮਨਾਉਣ ਲਈ ਪਰਿਵਾਰ ਅਤੇ ਦੋਸਤਾਂ ਨਾਲ ਕੈਂਪਗ੍ਰਾਊਂਡ ਵਿੱਚ ਰਹਿ ਰਹੀ ਸੀ, ਜਦੋਂ ਅਚਾਨਕ ਹੋਏ ਭੂਸਖਲਨ ਨੇ ਕਈ ਜਾਨਾਂ ਲੈ ਲਈਆਂ। ਸ਼ੈਰਨ ਇਸ ਘਟਨਾ ਦੀਆਂ ਛੇ ਮੌਤਾਂ ਵਿੱਚੋਂ ਇੱਕ ਸੀ।
ਸ਼ੈਰਨ ਮੱਕਾਨੀਕੋ ਦਾ ਜਨਮ ਇਟਲੀ ਵਿੱਚ ਹੋਇਆ ਸੀ ਅਤੇ ਉਹ ਬਚਪਨ ਵਿੱਚ ਹੀ ਨਿਊਜ਼ੀਲੈਂਡ ਆ ਗਈ ਸੀ। ਉਹ ਇੱਕ ਪ੍ਰਤਿਭਾਸ਼ਾਲੀ ਨਰਤਕੀ ਸੀ ਅਤੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਡਾਂਸ ਮੁਕਾਬਲਿਆਂ ਵਿੱਚ ਇਨਾਮ ਜਿੱਤ ਚੁੱਕੀ ਸੀ। ਪਰਿਵਾਰਕ ਮੈਂਬਰਾਂ ਮੁਤਾਬਕ, ਉਹ ਜੀਵਨ ਨਾਲ ਭਰਪੂਰ, ਮਿਹਨਤੀ ਅਤੇ ਪਰਿਵਾਰ ਨਾਲ ਬਹੁਤ ਨੇੜੇ ਜੁੜੀ ਹੋਈ ਸੀ।
ਮਾਪਿਆਂ ਨੇ ਸਮੁਦਾਇ ਵੱਲੋਂ ਮਿਲ ਰਹੇ ਸਹਿਯੋਗ ਅਤੇ ਸਾਂਝੀ ਸੰਵੇਦਨਾ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਲੋਕਾਂ ਦਾ ਪਿਆਰ ਹੀ ਉਨ੍ਹਾਂ ਲਈ ਹੌਂਸਲੇ ਦਾ ਸਹਾਰਾ ਬਣਿਆ ਹੈ।
ਭੂਸਖਲਨ ਦੀ ਇਸ ਘਟਨਾ ਨੇ ਖੇਤਰ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਮੌਸਮੀ ਖ਼ਤਰਨਾਂ ਨੂੰ ਲੈ ਕੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ।
Related posts
- Comments
- Facebook comments
