ਆਕਲੈਂਡ(ਐੱਨ ਜੈੱਡ ਤਸਵੀਰ) ਆਕਲੈਂਡ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ (CBD) ਵਿੱਚ ਸ਼ਨੀਵਾਰ ਨੂੰ ਦੋ ਵੱਖ-ਵੱਖ ਪ੍ਰਦਰਸ਼ਨਾਂ ਦੌਰਾਨ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਤਹਿਤ ਕਈ ਥਾਵਾਂ ’ਤੇ ਕੋਰਡਨ ਲਗਾਏ ਅਤੇ ਕੁਝ ਮੁੱਖ ਸੜਕਾਂ ਨੂੰ ਅਸਥਾਈ ਤੌਰ ’ਤੇ ਬੰਦ ਕੀਤਾ।
ਪਹਿਲਾ ਪ੍ਰਦਰਸ਼ਨ Victoria Park ਵਿੱਚ ਹੋਇਆ, ਜਿੱਥੇ Freedom and Rights Coalition ਨਾਲ ਸੰਬੰਧਿਤ ਸਮੂਹ ਨੇ ਇਕੱਠ ਕਰਕੇ ਬਾਅਦ ਵਿੱਚ Fanshawe Street ਵੱਲ ਮਾਰਚ ਕੀਤਾ। ਇਸ ਮਾਰਚ ਦੌਰਾਨ ਪੁਲਿਸ ਨੇ ਮੋਟਰਵੇ ਦੇ on-ਰੈਂਪ ਅਤੇ off-ਰੈਂਪ ’ਤੇ ਕੋਰਡਨ ਲਗਾਏ ਤਾਂ ਜੋ ਟ੍ਰੈਫਿਕ ਅਤੇ ਜਨਤਾ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਪੁਲਿਸ ਮੁਤਾਬਕ, ਪ੍ਰਦਰਸ਼ਨ ਵਿੱਚ ਲਗਭਗ 1200 ਲੋਕਾਂ ਨੇ ਹਿੱਸਾ ਲਿਆ।
ਦੂਜਾ ਪ੍ਰਦਰਸ਼ਨ Queen Street ’ਤੇ ਹੋਇਆ, ਜਿੱਥੇ Toitū te Aroha ਸਮੂਹ ਦੇ ਸਮਰਥਕਾਂ ਵੱਲੋਂ ਮਾਰਚ ਕੱਢੀ ਗਈ। ਇਸ ਮਾਰਚ ਦਾ ਮਕਸਦ ਸਮਾਜਿਕ ਏਕਤਾ ਅਤੇ ਅਮਨ ਦਾ ਸੰਦੇਸ਼ ਦੇਣਾ ਦੱਸਿਆ ਗਿਆ। ਇਸ ਦੌਰਾਨ ਵੀ ਪੁਲਿਸ ਨੇ ਮਾਰਚ ਨੂੰ ਏਸਕੋਰਟ ਕੀਤਾ ਅਤੇ ਕੁਝ ਸਮੇਂ ਲਈ ਸੜਕਾਂ ਨੂੰ ਬੰਦ ਕੀਤਾ ਗਿਆ।
ਪੁਲਿਸ ਨੇ ਦੱਸਿਆ ਕਿ ਦੋਹਾਂ ਪ੍ਰਦਰਸ਼ਨਾਂ ਦੌਰਾਨ ਇਹ ਸੁਰੱਖਿਆ ਕਦਮ ਸਾਵਧਾਨੀ ਵਜੋਂ ਚੁੱਕੇ ਗਏ ਸਨ ਅਤੇ ਕਿਸੇ ਵੀ ਕਿਸਮ ਦੀ ਹਿੰਸਾ ਜਾਂ ਗੰਭੀਰ ਘਟਨਾ ਦੀ ਕੋਈ ਰਿਪੋਰਟ ਨਹੀਂ ਹੈ। ਦੋਹਾਂ ਪ੍ਰਦਰਸ਼ਨ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋ ਗਏ ਅਤੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਪ੍ਰਦਰਸ਼ਨਾਂ ਦੇ ਖ਼ਤਮ ਹੋਣ ਮਗਰੋਂ CBD ਵਿੱਚ ਲਗਾਏ ਗਏ ਕੋਰਡਨ ਹਟਾ ਦਿੱਤੇ ਗਏ ਅਤੇ ਸੜਕਾਂ ਨੂੰ ਮੁੜ ਆਮ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਪੁਲਿਸ ਨੇ ਕਿਹਾ ਹੈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮਾਂ ਦੌਰਾਨ ਜਨਤਾ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇਗੀ।
Related posts
- Comments
- Facebook comments
