ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਐਸ਼ਬਰਟਨ ਸ਼ਹਿਰ ਵਿੱਚ ਸਥਿਤ ਇੱਕ ਨੀਵੀਂ ਉਚਾਈ ਵਾਲਾ ਰੇਲ ਪੁਲ ਲਗਾਤਾਰ ਵਾਹਨਾਂ ਦੀਆਂ ਟੱਕਰਾਂ ਕਾਰਨ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਪੁਲ ਸਾਲਾਂ ਤੋਂ ਟੂਰਿਸਟ ਵੈਨਾਂ, ਕਰਾਵੈਨਾਂ ਅਤੇ ਉੱਚੇ ਵਾਹਨਾਂ ਨਾਲ ਟੱਕਰਾਂ ਮਾਰਦਾ ਆ ਰਿਹਾ ਹੈ, ਜਿਸ ਕਰਕੇ ਇਸ ਨੂੰ ਨਿਊਜ਼ੀਲੈਂਡ ਦਾ ਸਭ ਤੋਂ ਵੱਧ ਟੱਕਰਾਂ ਖਾਣ ਵਾਲਾ ਰੇਲ ਪੁਲ ਕਿਹਾ ਜਾਣ ਲੱਗ ਪਿਆ ਹੈ।
ਪੁਲ ਦੀ ਉਚਾਈ ਘੱਟ ਹੋਣ ਦੇ ਬਾਵਜੂਦ ਕਈ ਡਰਾਈਵਰ ਚੇਤਾਵਨੀ ਸਾਈਨਬੋਰਡਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਅੱਗੇ ਵੱਧ ਜਾਂਦੇ ਹਨ, ਨਤੀਜੇ ਵਜੋਂ ਵਾਹਨ ਪੁਲ ਹੇਠਾਂ ਫਸ ਜਾਂਦੇ ਹਨ। ਹਰ ਵਾਰ ਹੋਣ ਵਾਲੀ ਐਸੀ ਘਟਨਾ ਨਾਲ ਆਵਾਜਾਈ ਰੁਕ ਜਾਂਦੀ ਹੈ ਅਤੇ ਇਲਾਕੇ ਵਿੱਚ ਲੰਬੇ ਜਾਮ ਲੱਗ ਜਾਂਦੇ ਹਨ।
ਸਥਾਨਕ ਵਸਨੀਕਾਂ ਵਿਚ ਇਹ ਪੁਲ ਹੁਣ ਇੱਕ ਤਰ੍ਹਾਂ ਦਾ “ਅੰਦਰੂਨੀ ਮਜ਼ਾਕ” ਬਣ ਚੁੱਕਾ ਹੈ। ਸੋਸ਼ਲ ਮੀਡੀਆ ’ਤੇ ਹਰ ਨਵੀਂ ਟੱਕਰ ਦੀਆਂ ਤਸਵੀਰਾਂ ਤੇ ਵੀਡੀਓਆਂ ਸਾਂਝੀਆਂ ਹੁੰਦੀਆਂ ਹਨ, ਇਤਨਾ ਹੀ ਨਹੀਂ ਕੁਝ ਲੋਕਾਂ ਵੱਲੋਂ ਇਸ ਮਾਮਲੇ ’ਤੇ ਮਜ਼ਾਕੀਆ ਟੀ-ਸ਼ਰਟਾਂ ਵੀ ਤਿਆਰ ਕੀਤੀਆਂ ਗਈਆਂ ਹਨ।
ਐਸ਼ਬਰਟਨ ਜ਼ਿਲ੍ਹਾ ਕੌਂਸਲ ਵੱਲੋਂ ਸਮੱਸਿਆ ਦਾ ਹੱਲ ਕੱਢਣ ਲਈ ਪੁਲ ਤੋਂ ਪਹਿਲਾਂ ਲਟਕਦਾ ਉਚਾਈ ਮਾਪ ਬਾਰ ਲਗਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ’ਤੇ ਲਗਭਗ 50 ਹਜ਼ਾਰ ਤੋਂ 1 ਲੱਖ ਨਿਊਜ਼ੀਲੈਂਡ ਡਾਲਰ ਖਰਚ ਆ ਸਕਦਾ ਹੈ। ਹਾਲਾਂਕਿ ਫਿਲਹਾਲ, ਇਹ ਰੇਲ ਪੁਲ ਆਪਣੀ “ਟੱਕਰਾਂ ਵਾਲੀ ਸ਼ੋਹਰਤ” ਨਾਲ ਹੀ ਪਹਿਚਾਣ ਬਣਾਏ ਹੋਏ ਹੈ।
Related posts
- Comments
- Facebook comments
