ਆਕਲੈਂਡ (ਐੱਨ ਜੈੱਡ ਤਸਵੀਰ) 2020 ਵਿੱਚ ਰਿਵਰ ਰਾਫਟਿੰਗ ਦੌਰਾਨ ਮਾਰੀ ਗਈ 61 ਸਾਲਾ ਮਹਿਲਾ ਵਿਵੀਐਨ ਪਿੰਕੌਟ ਦੇ ਮਾਮਲੇ ਵਿੱਚ ਕੋਰੋਨਰ ਦੀ ਰਿਪੋਰਟ ਨੇ ਚੌਕਾਣੇ ਵਾਲੇ ਖੁਲਾਸੇ ਕੀਤੇ ਹਨ। ਰਿਪੋਰਟ ਅਨੁਸਾਰ ਇਸ ਮਾਮਲੇ ਦੇ ਅੰਤਿਮ ਨਤੀਜੇ ਜਾਰੀ ਕਰਨ ਵਿੱਚ ਹੋਈ ਲੰਬੀ ਦੇਰੀ ਲਈ ਮੈਰੀਟਾਈਮ ਨਿਊਜ਼ੀਲੈਂਡ ਅਤੇ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਕੋਰੋਨਰ ਮਾਈਕਲ ਰੌਬ ਨੇ ਦੱਸਿਆ ਕਿ ਮੈਰੀਟਾਈਮ ਨਿਊਜ਼ੀਲੈਂਡ ਵੱਲੋਂ ਲੋੜੀਂਦੀ ਜਾਂਚ ਰਿਪੋਰਟ ਲਗਭਗ ਚਾਰ ਸਾਲ ਬਾਅਦ ਮਈ 2024 ਵਿੱਚ ਦਿੱਤੀ ਗਈ, ਜਦਕਿ ਪੁਲਿਸ ਨੇ ਆਪਣੀ ਫਾਈਲ ਅਪ੍ਰੈਲ 2025 ਵਿੱਚ ਸੌਂਪੀ। ਇਸ ਦੇਰੀ ਕਾਰਨ ਪੂਰੀ ਜਾਂਚ ਪ੍ਰਕਿਰਿਆ ਲੰਬੇ ਸਮੇਂ ਤੱਕ ਅਟਕੀ ਰਹੀ, ਜਿਸ ਨਾਲ ਪੀੜਤ ਪਰਿਵਾਰ ਨੂੰ ਇਨਸਾਫ ਲਈ ਇੰਤਜ਼ਾਰ ਕਰਨਾ ਪਿਆ।
ਇਸ ਮਾਮਲੇ ‘ਤੇ ਪ੍ਰਤੀਕ੍ਰਿਆ ਦਿੰਦਿਆਂ ਮੈਰੀਟਾਈਮ ਨਿਊਜ਼ੀਲੈਂਡ ਨੇ ਦੇਰੀ ਲਈ ਮਾਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਇਹ ਇੱਕ ਪ੍ਰਸ਼ਾਸਕੀ ਗਲਤੀ ਕਾਰਨ ਹੋਇਆ। ਸੰਸਥਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਤੋਂ ਬਚਣ ਲਈ ਨਵੀਆਂ ਪ੍ਰਣਾਲੀਆਂ ਲਾਗੂ ਕੀਤੀਆਂ ਗਈਆਂ ਹਨ।
ਯਾਦ ਰਹੇ ਕਿ ਵਿਵੀਐਨ ਪਿੰਕੌਟ ਦੀ ਮੌਤ ਕਾਈਤੂਨਾ ਦਰਿਆ ਦੇ ਟੂਟੀਆ ਫਾਲਜ਼ ‘ਤੇ ਰਾਫਟਿੰਗ ਦੌਰਾਨ ਹੋਈ ਸੀ, ਜੋ ਕਿ ਬਹੁਤ ਖਤਰਨਾਕ ਕਲਾਸ-ਫਾਈਵ ਰੈਪਿਡ ਮੰਨੀ ਜਾਂਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਸੁਰੱਖਿਆ ਉਪਕਰਣ ਵਰਤੇ ਜਾਣ, ਪਰ ਇਸ ਤਰ੍ਹਾਂ ਦੀਆਂ ਐਡਵੈਂਚਰ ਗਤੀਵਿਧੀਆਂ ਵਿੱਚ ਖਤਰਾ ਹਮੇਸ਼ਾਂ ਮੌਜੂਦ ਰਹਿੰਦਾ ਹੈ।
ਇਸ ਘਟਨਾ ਨੇ ਨਾ ਸਿਰਫ਼ ਐਡਵੈਂਚਰ ਖੇਡਾਂ ਦੇ ਖਤਰਿਆਂ ਨੂੰ ਉਜਾਗਰ ਕੀਤਾ ਹੈ, ਸਗੋਂ ਜਾਂਚ ਏਜੰਸੀਆਂ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ, ਖਾਸ ਕਰਕੇ ਜਦੋਂ ਇਨਸਾਫ ਵਿੱਚ ਦੇਰੀ ਪੀੜਤ ਪਰਿਵਾਰ ਲਈ ਵੱਡਾ ਦੁੱਖ ਬਣ ਜਾਂਦੀ ਹੈ।
Related posts
- Comments
- Facebook comments
