ਪਾਪੂਆ ਨਿਊ ਗਿਨੀ ਸਰਕਾਰ ਨੇ ਕਿਹਾ ਕਿ ਢਿੱਗਾਂ ਡਿੱਗਣ ਕਾਰਨ 2000 ਤੋਂ ਵੱਧ ਲੋਕ ਜ਼ਿੰਦਾ ਦੱਬੇ ਗਏ। ਸਰਕਾਰ ਨੇ ਕਿਹਾ ਕਿ ਉਸ ਨੇ ਰਾਹਤ ਕਾਰਜਾਂ ਲਈ ਰਸਮੀ ਤੌਰ ਉਤੇ ਅੰਤਰਰਾਸ਼ਟਰੀ ਮਦਦ ਮੰਗੀ ਹੈ।
ਇਸ ਤੋਂ ਪਹਿਲਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਨੇ ਪਾਪੂਆ ਨਿਊ ਗਿਨੀ ‘ਚ ਵੱਡੇ ਪੱਧਰ ’ਤੇ ਢਿੱਗਾਂ ਡਿੱਗਣ ਕਾਰਨ 670 ਵਿਅਕਤੀਆਂ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਸੀ। ਸਰਕਾਰ ਦੇ ਅੰਕੜੇ ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਦੇ ਅੰਕੜਿਆਂ ਨਾਲੋਂ ਲਗਪਗ ਤਿੰਨ ਗੁਣਾ ਹਨ।
ਕੌਮਾਂਤਰੀ ਪਰਵਾਸ ਸੰਸਥਾ (ਆਈਓਐੱਮ) ਨੇ ਪਾਪੂਆ ਨਿਊ ਗਿਨੀ ਵਿਚ ਵੱਡੀ ਪੱਧਰ ਉਤੇ ਢਿੱਗਾਂ ਡਿੱਗਣ ਕਾਰਨ 670 ਵਿਅਕਤੀਆਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ। ਇਸ ਤੋਂ ਪਹਿਲਾਂ ਸਥਾਨਕ ਅਧਿਕਾਰੀਆਂ ਨੇ ਦੱਸਿਆ ਸੀ ਕਿ ਢਿੱਗਾਂ ਡਿੱਗਣ ਕਾਰਨ 100 ਵਿਅਕਤੀਆਂ ਦੀ ਮੌਤ ਹੋਣ ਦਾ ਅਨੁਮਾਨ ਹੈ।
ਸੰਯੁਕਤ ਰਾਸ਼ਟਰ ਪਰਵਾਸ ਏਜੰਸੀ ਦੇ ਮਿਸ਼ਨ ਮੁਖੀ ਸੇਰਹਾਨ ਐਕਟੋਪ੍ਰਾਕ ਨੇ ਕਿਹਾ ਕਿ ਮੌਤਾਂ ਦਾ ਸੋਧਿਆ ਹੋਇਆ ਅੰਕੜਾ ਯਮਬਲੀ ਪਿੰਡ ਅਤੇ ਐਂਗਾ ਪ੍ਰਾਂਤ ਦੇ ਅਧਿਕਾਰੀਆਂ ਦੀ ਗਿਣਤੀ ਉਤੇ ਆਧਾਰਿਤ ਹੈ। ਸ਼ੁੱਕਰਵਾਰ ਨੂੰ ਢਿੱਗਾਂ ਡਿੱਗਣ ਕਾਰਨ 150 ਤੋਂ ਵੱਧ ਮਕਾਨ ਦੱਬ ਗਏ ਸਨ ਜਦਕਿ ਪਹਿਲਾਂ 60 ਮਕਾਨ ਦੱਬਣ ਦਾ ਅਨੁਮਾਨ ਲਗਾਇਆ ਗਿਆ ਸੀ।
ਪਾਪੂਆ ਨਿਊ ਗਿਨੀ ਵਿੱਚ ਰਾਹਤ ਕਾਰਜ ਜਾਰੀ ਹਨ ਅਤੇ ਬਚਾਅ ਦਲ ਦੇ ਕਰਮਚਾਰੀ ਜਿਊਂਦੇ ਬਚੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਲਿਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਹਾਇਤਾ ਕਰਮੀਆਂ ਨੇ ਛੇ ਤੋਂ ਅੱਠ ਮੀਟਰ (20 ਤੋਂ 26 ਫੁੱਟ) ਡੂੰਘਾਈ ਵਿਚ ਜ਼ਮੀਨ ਤੇ ਮਲਬੇ ਹੇਠ ਦੱਬੇ ਲੋਕਾਂ ਦੇ ਜਿਊਂਦੇ ਮਿਲਣ ਦੀ ਆਸ ਛੱਡ ਦਿੱਤੀ ਹੈ।