ਆਕਲੈਂਡ (ਐੱਨ ਜੈੱਡ ਤਸਵੀਰ) ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਬੈਠੇ ਪੰਜਾਬੀ ਐਨ ਆਰ ਆਈਜ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵੱਖ-ਵੱਖ ਸਮਿਆਂ ਉੱਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਰਹਿੰਦੇ ਨੇ।ਨਿਊਜੀਲੈਂਡ ‘ਚ ‘ਪੋਕੀਨੋ ਇੰਡੀਅਨ ਕਲਚਰ ਕਲੱਬ’ ਵੱਲੋ ਪੋਕੀਨੋ ਕਮਨਿਊਟੀ ਹਾਲ,69 ਗਰੇਟ ਸਾਊਥ ਰੋਡ, ਵਿਖੇ ਇੱਕ ਦਿਵਾਲੀ ਮੇਲਾ ਕਰਵਾਇਆ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਇਹ ਕੱਲਬ ਵੱਲੋਂ ਤੀਜਾ ਸਲਾਨਾ ਈਵੈਂਟ ਸੀ ਜਿਸ ਨੂੰ ਕਿ ਹਰ ਸਾਲ ਦੀ ਤਰਾਂ ਵੀ ਪੰਜਾਬੀ ਭਾਈਚਾਰੇ ਦਾ ਪੂਰਾ ਸਹਿਯੋਗ ਮਿਲਿਆ।ਮੇਲੇ ਦੇ ਮੁੱਖ ਪ੍ਰਬੰਧਕਾਂ ਵਿੱਚ ਪ੍ਰਿੰਸ ਕਾਲਰਾ,ਗਗਨ ਸ਼ਾਹੀ ਅਤੇ ਹਰਪ੍ਰੀਤ ਸਿੱਧੂ ਨੇ ਦੱਸਿਆ ਕਿ ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦਾ ਅਨੰਦ ਮਾਣਿਆ।
ਪ੍ਰੋਗਰਾਮ ਦੀ ਸ਼ੁਰੂਆਤ ਮੇਅਰ ਜੈਕੀ ਚਰਚ ਅਤੇ ਐਮਪੀ ਐਂਡਰਿਊ ਬੇਲੀ ਵੱਲੋ ਮੋਮਬੱਤੀ ਜਲਾ ਕੇ ਕੀਤੀ ਗਈ। ਨਿਊਜੀਲੈਂਡ ਸਿੱਖ ਗੇਮਜ ਕਮੇਟੀ ਵੱਲੋਂ ਵੀ ਮੌਕੇ ‘ਤੇ ਆਏ ਹੋਏ ਸਾਰੇ ਪਤਵੰਤਿਆ ਦਾ ਸਵਾਗਤ ਕੀਤਾ ਗਿਆ।
ਪ੍ਰੋਗਰਾਮ ਦੇ ਦੌਰਾਨ ਗਿੱਧਾ,ਭੰਗੜਾ ਅਤੇ ਹੋਰ ਵਿਰਾਸਤੀ ਤੇ ਸੱਭਿਆਚਾਰਕ ਗਤੀਵਿਧੀਆਂ ਨੇ ਆਏ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ। ਪੰਜਾਬੀ ਗੀਤ-ਸੰਗੀਤ ਨੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ।
ਇਸ ਮੌਕੇ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਦੇ ਜੇਤੂਆਂ ਨੂੰ ਦਿਲ-ਖਿਚਵੇਂ ਇਨਾਮਾ ਨਾਲ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸੋਨੇ ਦੀਆਂ ਮੁੰਦਰੀਆਂ ਵੀ ਇਨਾਮ ਵਿੱਚ ਦਿੱਤੀਆਂ ਗਈਆਂ।
ਅੰਤ ਵਿੱਚ ਆਏ ਹੋਏ ਸਾਰੇ ਸੱਜਣਾ-ਮਿੱਤਰਾਂ ਦਾ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਇਸੇ ਤਰਾਂ ਦੇ ਹੋਰ ਮੇਲੇ ਕਰਵਾਉਣ ਦੀ ਵਚਨਬੱਧਤਾ ਦੁਹਰਾਈ।