ਸੀਨੀਅਰ ਭਾਜਪਾ ਆਗੂ ਤੇ ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਰਮੇਸ਼ ਬਿਧੂੜੀ ਮੁੜ ਵਿਵਾਦਾਂ ’ਚ ਘਿਰ ਗਏ ਹਨ। ਸਾਬਕਾ ਐੱਮਪੀ ਬਿਧੂੜੀ ਨੇ ਅੱਜ ਇਹ ਕਹਿ ਕੇ ਵਿਵਾਦ ਸਹੇੜ ਲਿਆ ਕਿ ਉਹ ਦਿੱਲੀ ਵਿਧਾਨ ਸਭਾ ਚੋਣਾਂ ’ਚ ਜਿੱਤ ਮਗਰੋਂ ਇਲਾਕੇ ਦੀਆਂ ਸੜਕਾਂ ਨੂੰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦੀਆਂ ‘ਗੱਲ੍ਹਾਂ’ ਵਰਗੀਆਂ ਬਣਾ ਦੇਣਗੇ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਕਥਿਤ ਵੀਡੀਓ ’ਚ ਬਿਧੂੜੀ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ‘‘ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਜਿਵੇਂ ਅਸੀਂ ਓਖਲਾ ਤੇ ਸੰਗਮ ਵਿਹਾਰ ’ਚ ਸੜਕਾਂ ਬਣਾਈਆਂ ਹਨ, ਉਸੇ ਤਰ੍ਹਾਂ ਅਸੀਂ ਕਾਲਕਾਜੀ ਦੀਆਂ ਸਾਰੀਆਂ ਸੜਕਾਂ ਪ੍ਰਿਯੰਕਾ ਗਾਂਧੀ ਦੀਆਂ ‘ਗੱਲ੍ਹਾਂ’ ਜਿਹੀਆਂ ਬਣਾ ਦੇਵਾਂਗੇ।’’ ਉਧਰ ਕਾਲਕਾਜੀ ਤੋਂ ਕਾਂਗਰਸੀ ਉਮੀਦਵਾਰ ਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਨੇ ਬਿਧੂੜੀ ਨੂੰ ਨਿਸ਼ਾਨੇ ’ਤੇ ਲਿਆ ਤੇ ਉਨ੍ਹਾਂ ’ਤੇ ਇੱਕ ਵਾਰ ਫਿਰ ਮਹਿਲਾਵਾਂ ਦਾ ਨਿਰਾਦਰ ਕਰਨ ਦਾ ਦੋਸ਼ ਲਾਇਆ ਹੈ।ਇਸ ਦੌਰਾਨ ਬਿਧੂੜੀ, ਜੋ ਆਪਣੇ ਬਿਆਨਾਂ ਨੂੰ ਲੈ ਕੇ ਪਹਿਲਾਂ ਵੀ ਵਿਵਾਦਾਂ ’ਚ ਰਹੇ ਹਨ, ਨੇ ਸ਼ੁਰੂਆਤ ਵਿਚ ਇਹ ਕਹਿੰਦਿਆਂ ਆਪਣਾ ਬਚਾਅ ਕੀਤਾ ਕਿ ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਨੇ ਵੀ ਅਦਾਕਾਰ ਤੇ ਭਾਜਪਾ ਐੱਮਪੀ ਹੇਮਾ ਮਾਲਿਨੀ ਬਾਰੇ ਮਿਲਦੀ ਜੁਲਦੀ ਟਿੱਪਣੀ ਕੀਤੀ ਸੀ।
previous post
Related posts
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ‘ਫਿਰੌਤੀ ਅਤੇ ਗੋਲੀਬਾਰੀ’ ਮਾਮਲੇ ਵਿੱਚ ਲੋੜੀਂਦੇ ਕੈਨੇਡਾ ’ਚ ਰਹਿ ਰਹੇ ਅਤਿਵਾਦੀ ਗੋਲਡੀ ਬਰਾੜ ਤੇ ਇੱਕ ਹੋਰ ਮੁਲਜ਼ਮ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਵਾਲੀ ਸੂਚਨਾ ਸਾਂਝੀ ਕਰਨ ਵਾਲੇ ਵਿਅਕਤੀਆਂ ਨੂੰ 10-10 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਾਂਚ ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਮੁਲਜ਼ਮ ਇਸ ਸਾਲ 8 ਮਾਰਚ ਨੂੰ ਫਿਰੌਤੀ ਲਈ ਇੱਕ ਕਾਰੋਬਾਰੀ ਦੇ ਘਰ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਲੋੜੀਂਦੇ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਆਦੇਸ਼ ਨਗਰ ਨਿਵਾਸੀ ਸ਼ਮਸ਼ੇਰ ਸਿੰਘ ਦੇ ਪੁੱਤਰ ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਅਤੇ ਪੰਜਾਬ ਦੇ ਹੀ ਰਾਜਪੁਰਾ ਸਥਿਤ ਬਾਬਾ ਦੀਪ ਸਿੰਘ ਕਲੋਨੀ ਨਿਵਾਸੀ ਸੁਖਜਿੰਦਰ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਉਰਫ ਗੋਲਡੀ ਰਾਜਪੁਰਾ ਖ਼ਿਲਾਫ਼ ਆਈਪੀਸੀ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘‘ਐੱਨਆਈਏ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਫਿਰੌਤੀ ਅਤੇ ਇੱਕ ਕਾਰੋਬਾਰੀ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਲੋੜੀਂਦੇ ਅਤਿਵਾਦੀ ਗੋਲਡੀ ਬਰਾੜ ਅਤੇ ਇੱਕ ਹੋਰ ਗੈਂਗਸਟਰ ਦੀ ਗ੍ਰਿਫਤਾਰੀ ’ਤੇ ਨਕਦ ਇਨਾਮ ਦਾ ਐਲਾਨ ਕੀਤਾ ਹੈ।’’ ਏਜੰਸੀ ਨੇ ਦੋਵਾਂ ’ਚੋਂ ਕਿਸੇ ਦੀ ਵੀ ਗ੍ਰਿਫਤਾਰੀ ਲਈ ਅਹਿਮ ਜਾਣਕਾਰੀ ਦੇਣ ਲਈ 10-10 ਲੱਖ ਰੁਪਏ ਦੇ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਇਸ ਸਬੰਧੀ ਸੂਚਨਾ ਐੱਨਆਈਏ ਹੈੱਡਕੁਆਰਟਰ ਦੇ ਫੋਨ ਨੰਬਰ, ਈਮੇਲ, ਵਟਸਐਪ ਜਾਂ ਟੈਲੀਗ੍ਰਾਮ ਐਪ ਰਾਹੀਂ ਦਿੱਤੀ ਜਾ ਸਕਦੀ ਹੈ।
- Comments
- Facebook comments