ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅਸੈਂਬਲੀ ਦਾ ਦੋ ਰੋਜ਼ਾ ਵਿਸ਼ੇਸ਼ ਇਜਲਾਸ 24 ਤੇ 25 ਫਰਵਰੀ ਨੂੰ ਸੱਦਿਆ ਜਾਵੇਗਾ। ਚੀਮਾ ਨੇ ਕਿਹਾ ਕਿ ਬਜਟ ਇਜਲਾਸ ਮਾਰਚ ਮਹੀਨੇ ਹੋਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ‘ਕੁਝ ਬਕਾਇਆ ਬਿੱਲਾਂ ਤੇ ਵਿਧਾਨਕ ਕਾਰੋਬਾਰ’ ਲਈ ਪੰਜਾਬ ਅਸੈਂਬਲੀ ਦਾ ਵਿਸ਼ੇਸ਼ ਇਜਲਾਸ 24 ਤੇ 25 ਫਰਵਰੀ ਨੂੰ ਸੱਦਿਆ ਜਾਵੇਗਾ।
ਚੀਮਾ ਨੇ ਕਿਹਾ ਕਿ ਕੈਬਨਿਟ ਬੈਠਕ ਦੌਰਾਨ ਤੇਜ਼ਾਬ ਹਮਲਿਆਂ ਦੇ ਪੀੜਤਾਂ ਨੂੰ ਮਿਲਦੀ ਮਾਸਿਕ ਪੈਨਸ਼ਨ 8000 ਤੋਂ ਵਧਾ ਕੇ 10,000 ਰੁਪਏ ਕਰਨ ਸਮੇਤ ਹੋਰ ਕਈ ਫੈਸਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਟਰਾਂਸਜੈਂਡਰਾਂ ਨੂੰ ਵੀ ਇਸੇ ਵਿਚ ਕਵਰ ਕੀਤਾ ਜਾਵੇਗਾ।
ਕੈਬਨਿਟ ਨੇ ਪਿੰਡਾਂ ਵਿਚ ਤਾਇਨਾਤ ਚੌਕੀਦਾਰਾਂ ਨੂੰ ਮਿਲਦਾ ਮਾਸਿਕ ਭੱਤਾ 1250 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤਾ ਹੈ।