ਕੇਂਦਰੀ ਮੰਤਰੀਆਂ ਨਾਲ ਹੋਣ ਵਾਲੀ ਬੈਠਕ ਲਈ ਚੰਡੀਗੜ੍ਹ ਜਾ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਕਾਫ਼ਲੇ ਵਿਚ ਸ਼ਾਮਲ ਦੋ ਕਾਰਾਂ ਦੇ ਪਟਿਆਲਾ ਤੋਂ ਬਾਹਰ ਦੱਖਣੀ ਬਾਈਪਾਸ ’ਤੇ ਆਪਸ ਵਿਚ ਟਕਰਾਉਣ ਕਰਕੇ ਅੱਧੀ ਦਰਜਨ ਕਿਸਾਨ ਆਗੂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਕਰਵਾਇਆ ਗਿਆ ਹੈ।
ਜ਼ਖ਼ਮੀ ਕਿਸਾਨ ਆਗੂਆਂ ਵਿਚੋਂ ਪੀਆਰ ਪਾਂਡੀਅਨ ਤਾਮਿਲਨਾਡੂ ਦੇ ਨੱਕ ਅਤੇ ਗੋਡਿਆਂ ਸਮੇਤ ਹੋਰ ਥਾਈਂ ਵੀ ਸੱਟਾਂ ਵੱਜੀਆਂ ਹਨ। ਕਰਨਾਟਕ ਨਾਲ ਸਬੰਧਤ ਕਿਸਾਨ ਆਗੂ ਕੁਰਬਾਰੂ ਸ਼ਾਂਤਾ ਕੁਮਾਰ ਦੇ ਖੱਬੀ ਲੱਤ ਅਤੇ ਖੱਬੀ ਬਾਂਹ ਵਿੱਚ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਗਿਆ ਅਤੇ ਇੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਸਥਿਰ ਹੈ, ਪਰ ਉਨ੍ਹਾਂ ਦਾ ਐਕਸਰੇ ਤੇ ਹੋਰ ਜ਼ਰੂਰੀ ਟੈਸਟ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਅੱਜ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਚੁਣੇ ਗਏ 28 ਮੈਂਬਰੀ ਵਫਦ ਵਿੱਚ ਇਹ ਦੋਵੇਂ ਕਿਸਾਨ ਆਗੂ ਵੀ ਸ਼ਾਮਲ ਸਨ, ਪਰ ਇੱਥੇ ਹਾਦਸੇ ਦਾ ਸ਼ਿਕਾਰ ਹੋ ਜਾਣ ਕਾਰਨ ਉਹ ਚੰਡੀਗੜ੍ਹ ਨਹੀਂ ਪਹੁੰਚ ਸਕੇ।