ਪੰਜਾਬ ਪੁਲੀਸ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਸੰਸਦ ਮੈਂਬਰ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਵਾਪਸ ਪੰਜਾਬ ਲਿਆਉਣ ਦਾ ਫੈਸਲਾ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਖ਼ਤ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਉਨ੍ਹਾਂ ਦੀ ਹਿਰਾਸਤ ਵਿਚ ਹੋਰ ਵਾਧਾ ਨਾ ਕਰਨ ਦਾ ਫੈਸਲਾ ਲਿਆ ਹੈ।
ਅਧਿਕਾਰੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਇਨ੍ਹਾਂ ਸੱਤ ਸਾਥੀਆਂ ਨੂੰ 2023 ਵਿਚ ਅਜਨਾਲਾ ਪੁਲੀਸ ਥਾਣੇ ’ਤੇ ਹਮਲੇ ਨਾਲ ਜੁੜੀ ਘਟਨਾ ਵਿਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ।
ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਸੱਤ ਵਿਅਕਤੀਆਂ ਦੀ ਹਿਰਾਸਤ ਦੀ ਮਿਆਦ ਖ਼ਤਮ ਹੋਣ ਵਾਲੀ ਹੈ ਤੇ ਸੂਬਾ ਸਰਕਾਰ ਨੇ ਐੱਨਐੱਸਏ ਤਹਿਤ ਉਨ੍ਹਾਂ ਦੀ ਹਿਰਾਸਤ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਅੰਮ੍ਰਿਤਪਾਲ ਸਿੰਘ ਤੇ ਉਸ ਦੇ 9 ਸਾਥੀ ਪਿਛਲੇ ਦੋ ਸਾਲਾਂ ਤੋਂ ਐੱਨਐੱਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ। ਅੰਮ੍ਰਿਤਪਾਲ ਸਿੰਘ ਨੇ 2024 ਵਿਚ ਖਡੂਰ ਸਾਹਿਬ ਸੰਸਦੀ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ।
ਅੰਮ੍ਰਿਤਪਾਲ ਸਿੰਘ ਦੇ ਜਿਨ੍ਹਾਂ ਸਾਥੀਆਂ ਨੂੰ ਵਾਪਸ ਪੰਜਾਬ ਲਿਆਂਦਾ ਜਾਵੇਗਾ, ਉਨ੍ਹਾਂ ਵਿਚ ਬਸੰਤ ਸਿੰਘ, ਭਗਵੰਤ ਸਿੰਘ ਬਾਜਾਖ਼ਾਨਾ, ਗੁਰਮੀਤ ਸਿੰਘ ਬੁੱਕਨਵਾਲ, ਦਲਜੀਤ ਸਿੰਘ ਕਲਸੀ, ਗੁਰਿੰਦਰਪਾਲ ਸਿੰਘ ਗੁਰੀ ਔਜਲਾ, ਹਰਜੀਤ ਸਿੰਘ ਤੇ ਕੁਲਵੰਤ ਸਿੰਘ ਧਾਲੀਵਾਲ ਸ਼ਾਮਲ ਹਨ।
ਡੀਆਈਜੀ (ਬਾਰਡਰ ਰੇਂਜ ਅੰਮ੍ਰਿਤਸਰ) ਸਤਿੰਦਰ ਸਿੰਘ ਨੇ ਕਿਹਾ ਕਿ ਪੁਲੀਸ 2023 ਅਜਨਾਲਾ ਪੁਲੀਸ ਥਾਣੇ ’ਤੇ ਹਮਲੇ ਨਾਲ ਜੁੜੇ ਮਾਮਲੇ ਦੀ ਜਾਂਚ ਨੂੰ ਅੱਗੇ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਐੱਨਐੱਸਏ ਤਹਿਤ ਗ੍ਰਿਫਤਾਰ ਇਨ੍ਹਾਂ ਦਸ ਵਿਅਕਤੀਆਂ, ਨੂੰ ਅਜੇ ਤੱਕ ਅਜਨਾਲਾ ਪੁਲੀਸ ਥਾਣਾ ਹਮਲਾ ਕੇਸ ਵਿਚ ਰਸਮੀ ਤੌਰ ’ਤੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਡੀਆਈਜੀ ਨੇ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਸੀਂ ਜਾਂਚ ਨੂੰ ਅੱਗੇ ਲੈ ਕੇ ਜਾਵਾਂਗੇ। ਅਸੀਂ ਐੱਫਆਈਆਰ ਨੰਬਰ 39 ਵਿਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਾਂਗੇ ਤੇ ਉਨ੍ਹਾਂ ਨੂੰ ਪੰਜਾਬ ਲੈ ਕੇ ਆਵਾਂਗੇ।’’
ਡੀਆਈਜੀ ਨੇ ਅੰਮ੍ਰਿਤਪਾਲ ਸਿੰਘ ਬਾਰੇ ਸਵਾਲ ਦਾ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਚੇਤੇ ਰਹੇ ਕਿ ਐੱਨਐੱਸਏ ਤਹਿਤ ਗ੍ਰਿਫ਼ਤਾਰ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਨੌਂ ਸਾਥੀਆਂ ਦੀ ਹਿਰਾਸਤ ਇਕ ਸਾਲ ਲਈ ਵਧਾ ਦਿੱਤੀ ਗਈ ਸੀ। ਅੰਮ੍ਰਿਤਪਾਲ ਸਿੰਘ ਨੂੰ ਇਕ ਮਹੀਨੇ ਦੀ ਤਲਾਸ਼ੀ ਮੁਹਿੰਮ ਦੌਰਾਨ 23 ਅਪਰੈਲ 2023 ਨੂੰ ਮੋਗਾ ਦੇ ਰੋਡੇ ਪਿੰਡ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ 18 ਮਾਰਚ, 2023 ਨੂੰ ਜਲੰਧਰ ਜ਼ਿਲ੍ਹੇ ਵਿੱਚ ਪੁਲੀਸ ਦੀ ਘੇਰਾਬੰਦੀ ’ਚੋਂ ਬਚ ਨਿਕਲਿਆ ਸੀ। ਪੰਜਾਬ ਪੁਲੀਸ ਨੇ 23 ਫਰਵਰੀ, 2023 ਨੂੰ ਅਜਨਾਲਾ ਪੁਲੀਸ ਥਾਣੇ ’ਤੇ ਹਮਲੇ ਦੀ ਘਟਨਾ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ।
