ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਅਚਨਚੇਤ ਸਬ ਤਹਿਸੀਲ ਚੀਮਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਸਬ ਤਹਿਸੀਲ ਅਤੇ ਸਰਕਾਰੀ ਹਸਪਤਾਲ ਵਿਖੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਅਤੇ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਬਾਅਦ ਦੁਪਹਿਰ ਅਚਾਨਕ ਹੀ ਚੀਮਾਂ ਮੰਡੀ ਪੁੱਜੇ ਜਿਥੇ ਉਨ੍ਹਾਂ ਸਬ ਤਹਿਸੀਲ ਵਿਖੇ ਰਜਿਸਟਰੀਆਂ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਨਾਲ ਰਜਿਸਟਰੀਆਂ ਦੇ ਕੰਮਾਂ ਬਾਰੇ ਗੱਲਬਾਤ ਕੀਤੀ। ਸਬ ਤਹਿਸੀਲ ’ਚ ਕੰਮ ਕਰਾਉਣ ਪੁੱਜੇ ਲੋਕਾਂ ਨਾਲ ਵੀ ਗੱਲਬਾਤ ਕੀਤੀ।ਮੁੱਖ ਮੰਤਰੀ ਨੇ ਮਾਰਚ ਮਹੀਨੇ ’ਚ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਜਨਮ ਦਿਨ ਮੌਕੇ ਜਨਮ ਸਥਾਨ ਚੀਮਾਂ ਵਿਖੇ ਤਿੰਨ ਦਿਨ ਲੱਗਣ ਵਾਲੇ ਧਾਰਮਿਕ ਜੋੜ ਮੇਲੇ ਦੀਆਂ ਤਿਆਰੀਆਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਆਦੇਸ਼ ਦਿੱਤੇ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੁਖਤਾ ਪ੍ਰਬੰਧ ਕੀਤੇ ਜਾਣ।