ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਰੋਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨੇ ਅੱਜ ਇੱਥੇ ਇਸ ਸਾਲ ਦੇ ਅਖ਼ੀਰ ਤੱਕ ਮੁਕਤ ਵਪਾਰ ਸਮਝੌਤੇ ਨੂੰ ਨੇਪਰੇ ਚਾੜ੍ਹਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਦੋਵੇਂ ਆਗੂਆਂ ਨੇ ਰੱਖਿਆ, ਸੁਰੱਖਿਆ ਅਤੇ ਮਹੱਤਵਪੂਰਨ ਤਕਨਾਲੋਜੀ ਦੇ ਖੇਤਰਾਂ ਵਿੱਚ ਭਾਰਤ-ਯੂਰੋਪੀ ਯੂਨੀਅਨ ਦੀ ਰਣਨੀਤਕ ਸਾਂਝੇਦਾਰੀ ਦਾ ਵਿਸਤਾਰ ਕਰਨ ਦਾ ਸੰਕਲਪ ਵੀ ਲਿਆ। ਵੋਨ ਡੇਰ ਲੇਯੇਨ ਨਾਲ ਗੱਲਬਾਤ ਤੋਂ ਬਾਅਦ ਆਪਣੇ ਮੀਡੀਆ ਬਿਆਨ ਵਿੱਚ ਮੋਦੀ ਨੇ ਭਾਰਤ-ਯੂਰੋਪੀ ਯੂਨੀਅਨ ਦੀ ਰਣਨੀਤਕ ਸਾਂਝੇਦਾਰੀ ਨੂੰ ‘ਕੁਦਰਤੀ’ ਦੱਸਿਆ ਅਤੇ ਕਿਹਾ ਕਿ ਇਹ ‘ਵਿਸ਼ਵਾਸ’ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਸਾਂਝੇ ਵਿਸ਼ਵਾਸ ’ਤੇ ਆਧਾਰਿਤ ਹੈ। ਅਸੀਂ ਆਪਣੀਆਂ ਟੀਮਾਂ ਨੂੰ ਇਸ ਸਾਲ ਦੇ ਅਖ਼ੀਰ ਤੱਕ ਦੋਹਾਂ ਦੇਸ਼ਾਂ ਲਈ ਫਾਇਦੇਮੰਦ ਦੁਵੱਲਾ ਮੁਕਤ ਵਪਾਰ ਸਮਝੌਤਾ ਨੇਪਰੇ ਚਾੜ੍ਹਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਬੇਹੱਦ ਮਹੱਤਵਪੂਰਨ ਫੈਸਲਾ ਹੈ ਜੋ ਕਿ ਵਪਾਰ ਤੇ ਟੈਕਸਾਂ ਬਾਰੇ ਟਰੰਪ ਪ੍ਰਸ਼ਾਸਨ ਦੀ ਨੀਤੀ ਸਬੰਧੀ ਵਧਦੀਆਂ ਆਲਮੀ ਚਿੰਤਾਵਾਂ ਦਰਮਿਆਨ ਆਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਧਿਰਾਂ ਨਿਵੇਸ਼ ਸੁਰੱਖਿਆ ਸਮਝੌਤੇ ਦੇ ਨਾਲ-ਨਾਲ ਭੂਗੋਲਿਕ ਸੰਕੇਤਾਂ ’ਤੇ ਇਕ ਸਮਝੌਤੇ ਲਈ ਗੱਲਬਾਤ ਅੱਗੇ ਵਧਾ ਰਹੀਆਂ ਹਨ। ਕਨੈਕਟੀਵਿਟੀ ਬਾਰੇ ਮੋਦੀ ਨੇ ਕਿਹਾ ਕਿ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਲਾਂਘੇ ਨੂੰ ਅੱਗੇ ਵਧਾਉਣ ਲਈ ਠੋਸ ਕਦਮ ਉਠਾਏ ਜਾਣਗੇ। ਉਨ੍ਹਾਂ ਕਿਹਾ, ‘‘ਮੈਨੂੰ ਪੂਰਾ ਭਰੋਸਾ ਹੈ ਕਿ ਆਈਐੱਮਈਸੀ ਲਾਂਘਾ ਆਲਮੀ ਵਣਜ, ਸਥਿਰ ਵਿਕਾਸ ਤੇ ਖੁਸ਼ਹਾਲੀ ਨੂੰ ਅੱਗੇ ਵਧਾਉਣ ਦਾ ਇੰਜਣ ਸਾਬਿਤ ਹੋਵੇਗਾ।’’ ਉਨ੍ਹਾਂ ਲੇਯੇਨ ਤੇ ਕਾਲਜ ਆਫ਼ ਕਮਿਸ਼ਨਰਜ਼ ਦੇ ਹੋਰ ਮੈਂਬਰਾਂ ਦੇ ਭਾਰਤ ਦੌਰੇ ਨੂੰ ‘ਲਾਮਿਸਾਲ’ ਕਰਾਰ ਦਿੱਤਾ। ਮੋਦੀ ਨੇ ਕਿਹਾ ਕਿ ਭਾਰਤ ਤੇ ਯੂਰੋਪੀ ਯੂਨੀਅਨ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਸ਼ਾਂਤੀ, ਸੁਰੱਖਿਆ, ਸਥਿਰਤਾ ਤੇ ਖੁਸ਼ਹਾਲੀ ਦੀ ਅਹਿਮੀਅਤ ’ਤੇ ਸਹਿਮਤ ਹਨ।
previous post
Related posts
- Comments
- Facebook comments