ਆਕਲੈਂਡ, ਨਿਊਜ਼ੀਲੈਂਡ (ਮਾਰਚ ੧੦) – ਅੱਜ ਆਕਲੈਂਡ ਵਿਖੇ ਸਿੱਖ ਕੌਂਸਲ ਆਫ ਨਿਊਜ਼ੀਲੈਂਡ ਦੀ ਕਾਰਜਕਾਰਣੀ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਅਕਾਲ ਤਖਤ ਸਾਹਿਬ ਤਖਤ ਸ੍ਰੀ ਕੇਸਗੜ ਸਾਹਿਬ ਅਤੇ ਇਸ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਦੇ ਤਰੀਕੇ-ਕਾਰ ਅਤੇ ਨਵੇਂ ਜਥੇਦਾਰਾਂ ਦੀ ਨਿਯੁਕਤੀ ਦੇ ਫੈਸਲੇ ਦੀ ਸਰਬਸੰਮਤੀ ਨਾਲ ਸਖਤ ਨਿਖੇਧੀ ਕੀਤੀ ਗਈ।
ਬੁਲਾਰਿਆਂ ਨੇ ਇਸ ਕਦਮ ਨੂੰ ਸਿੱਖ ਪੰਥ ਦੀ ਮਰਿਆਦਾ ਅਤੇ ਗੁਰੂ ਸਾਹਿਬਾਨ ਦੇ ਸਿਧਾਂਤਾਂ ਦੇ ਖਿਲਾਫ਼ ਮੰਨਦੇ ਹੋਏ, ਇਹਨਾਂ ਫੈਸਲਿਆਂ ਨੂੰ ਬੇਵਕਤੀ ਅਤੇ ਮੰਦਭਾਗਾ ਦੱਸਿਆ।
ਸਿੱਖ ਕੌਂਸਲ ਆਫ ਨਿਊਜ਼ੀਲੈਂਡ ਦੇ ਪ੍ਰਧਾਨ ਬਚਨ ਸਿੰਘ ਲਾਲੀ ਨੇ ਕਿਹਾ, “ਅਕਾਲ ਤਖ਼ਤ ਸਾਹਿਬ ਦਾ ਸਿੱਖ ਇਤਿਹਾਸ ਅਤੇ ਸਿੱਖ ਪਰੰਪਰਾਵਾਂ ਵਿਚ ਇਕ ਉਚੇਰਾ ਥਾਂ ਹੈ। ਅਕਾਲ ਤਖਤ ਦੇ ਜਥੇਦਾਰ ਦੀ ਚੋਣ ਜਾਂ ਜਥੇਦਾਰ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਸਿੱਖ ਪੰਥ ਦੀ ਰਾਏ ਲੈ ਕੇ ਸਰਬ-ਸੰਮਤੀ ਨਾਲ ਹੋਣਾ ਚਾਹੀਦਾ ਹੈ। ਅਜੋਕਾ ਫੈਸਲਾ ਸਿੱਖ ਸੰਗਤਾਂ ਦੀ ਭਾਵਨਾ ਨੂੰ ਨਜ਼ਰਅੰਦਾਜ਼ ਕਰਦਾ ਹੈ ਅਤੇ ਨਿਮਨ ਸਵਾਰਥਾਂ ਤੋਂ ਪ੍ਰੇਰਿਤ ਜਾਪਦਾ ਹੈ ਜਿਸਦੀ ਨਿਖੇਧੀ ਦਾ ਮਤਾ ਮੈਂ ਆਪ ਸਭਨਾ ਦੇ ਸਨਮੁਖ ਪੇਸ਼ ਕਰਦਾ ਹਾਂ।”
ਮੀਤ ਸਕੱਤਰ ਗੁਰਿੰਦਰ ਸਿੰਘ ਸ਼ਾਦੀਪੁਰ ਨੇ ਪੇਸ਼ ਹੋਏ ਮਤੇ ਦੀ ਆਪਣੇ ਅਤੇ ਚੇਅਰਮੈਨ ਮੋਹਨਪਾਲ ਸਿੰਘ ਬਾਠ ਵਲੋਂ ਹਾਮੀ ਭਰਦਿਆਂ ਕਿਹਾ ਕਿ ਸਿਖ ਰਵਾਇਤਾਂ ਦੀ ਉਲੰਘਣਾ ਕਰਦਿਆਂ ਜਿਵੇਂ ਅਕਾਲੀ ਦਲ ਦੇ ਲੀਡਰ ਸ਼੍ਰੋਮਣੀ ਕਮੇਟੀ ਦਾ ਰਿਮੋਟ ਫੜੀ ਬੈਠੇ ਹਨ ਉਹ ਪੰਥ ਦੇ ਭਵਿੱਖ ਉਤੇ ਪ੍ਰਸ਼ਨ-ਚਿੰਨ੍ਹ ਲਾ ਰਿਹਾ ਹੈ ਜਿਸਦਾ ਵਿਰੋਧ ਹਰੇਕ ਸਿਖ ਨੂੰ ਉਵੇਂ ਹੀ ਕਰਨਾ ਚਾਹੀਦਾ ਹੈ ਜਿਵੇਂ ਕਿਸੇ ਸਮੇਂ ਪੰਥ ਨੇ ਮਹੰਤਾਂ ਦਾ ਵਿਰੋਧ ਕੀਤਾ ਸੀ।
ਜਗਜੀਤ ਸਿੰਘ ਕੰਗ ਨੇ ਮਤੇ ਦੀ ਹਾਮੀ ਭਰਦਿਆਂ ਕਿਹਾ ਕਿ ਜਿਵੇਂ ਸ਼ਰੋਮਣੀ ਕਮੇਟੀ ਦੇ ਗਲਤ ਫੈਸਲੇ ਤੇ ਅਕਾਲੀ ਦਲ ਦੇ ਲੀਡਰਾਂ ਨੇ ਮੋਹਰ ਲਾਈ ਹੈ ਉਹ ਅਕਾਲੀ ਲੀਡਰਾਂ ਨੂੰ ਸਭਦਾ ਨਹੀਂ।
ਹਰਿੰਦਰਪਾਲ ਸਿੰਘ ਢਿੱਲੋਂ (ਬਿੱਲਾ ਅੰਮ੍ਰਿਤਸਰੀਆ) ਨੇ ਵੀ ਮਤੇ ਦੀ ਹਾਮੀ ਭਰਦਿਆਂ ਅਫਸੋਸ ਜਾਹਰ ਕੀਤਾ ਕਿ ਪਹਿਲਾਂ 2017 ਦੀਆਂ ਚੋਣਾਂ ਅਤੇ ਫਿਰ ੨੦੨੨ ਦੀਆਂ ਚੋਣਾਂ ਵਿਚ ਕਰਾਰੀ ਹਾਰ ਖਾ ਕੇ ਵੀ ਅਕਾਲੀ ਲੀਡਰ ਆਪਣੀਆਂ ਪੰਥ-ਵਿਰੋਧੀ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਜਥੇਦਾਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਉਦੋਂ ਹਟਾਇਆ ਗਿਆ ਹੈ ਜਦੋਂ ਉਹਨਾਂ ਖਿਲਾਫ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਅਤੇ ਨਾ ਉਹਨਾਂ ਕੋਈ ਅਜਿਹਾ ਕੰਮ ਕੀਤਾ ਹੈ ਜਿਸਨੂੰ ਸੰਗਤ ਗੁਰਮਤਿ ਵਿਰੋਧੀ ਮੰਨੇ। ਇਹ ਸੱਭ ਸੁਖਬੀਰ ਸਿੰਘ ਬਾਦਲ ਨੂੰ ਮਿਲ ਰਹੀਆਂ ਗਲਤ ਸਲਾਹਾਂ ਦਾ ਨਤੀਸਾ ਜਾਪਦਾ ਹੈ।
ਕਾਉਂਸਲ ਦੇ ਸਕੱਤਰ ਵਰਪਾਲ ਸਿੰਘ ਨੇ ਜਿਹਨਾਂ ਜਿਹਨਾਂ ਅਦਾਰਿਆਂ ਅਤੇ ਹਸਤੀਆਂ ਦੀ ਰਾਇ ਵਿਚਾਰ-ਅਧੀਨ ਮੁੱਦੇ ਤੋਂ ਪ੍ਰਾਪਤ ਹੋਈ ਸੀ, ਉਹਨਾਂ ਦੇ ਨਾਮ ਸਾਰਿਆਂ ਨਾਲ ਸਾਂਝੇ ਕੀਤੇ ਅਤੇ ਕਿਹਾ ਕਿ ਇਕ ਸਮਾਂ ਸੀ ਜਦੋਂ ਫੂਲਕੀਆਂ ਦੇ ਆਲਾ ਸਿੰਘ ਦੇ ਅਬਦਾਲੀ ਦੀ ਈਨ ਮੰਨਣ ਦੇ ਫੈਸਲੇ ਖਿਲਾਫ ਸਾਰਾ ਪੰਥ ਉਸ ਖਿਲਾਫ ਲਾਮ-ਬੰਧ ਹੋ ਗਿਆ ਸੀ। ਜੇਕਰ ਆਲਾ ਸਿੰਘ ਕੋਲੋਂ ਉਸ ਦੇ ਇਲਾਕੇ ਖੋਹ ਲਏ ਗਏ ਹੁੰਦੇ ਤਾਂ ਅਗਾਂਹ ਤੋਂ ਗੁਰਮਤਿ ਸਿਧਾਂਤ ਉੱਪਰ ਪਦਾਰਥਵਾਦ ਨੂੰ ਪਹਿਲ ਦੇਣ ਵਾਲੀ ਮਾਨਸਿਕਤਾ ਨੂੰ ਉਥੇ ਹੀ ਠੱਲ ਪਾਈ ਜਾ ਸਕਦੀ ਸੀ। ਅਜੇ ਵੀ ਜੇਕਰ ਹਰੇਕ ਸਿਖ ਆਪਣੇ ਆਪ ਨੂੰ ਗੁਰੂ ਪ੍ਰਤੀ ਮੁੜ ਤੋਂ ਸਮਰਪਤ ਕਰੋ ਅਤੇ ਗੁਰਮਤਿ ਸਿਧਾਂਤ ਉਤੇ ਡੱਟ ਕੇ ਪਹਿਰਾ ਦਿੰਦਿਆਂ ਜੇਕਰ ਜਾਨ ਵੀ ਜਾਂਦੀ ਹੈ ਤਾਂ ਜਾਣ ਦੇਵੇਂ ਤਾਂ ਕੌਮ ਨੂੰ ਮੁੜ ਚੜ੍ਹਦੀ ਕਲਾ ਵੱਲ ਲਿਜਾਇਆ ਜਾ ਸਕਦਾ ਹੈ। ਪ੍ਰਧਾਨ ਸਾਹਿਬ ਵਲੋਂ ਪੇਸ਼ ਮਤਾ ਸਰਬ-ਸੰਮਤੀ ਨਾਲ ਪਾਸ ਹੋਣ ਉਪਰੰਤ ਇਕ ਹੋਰ ਮਤਾ ਪਾਸ ਹੋਇਆ ਜਿਸ ਵਿਚ ਅਦਾਰਾ ਸਿੱਖ ਸਿਆਸਤ ਅਤੇ ਮਿਸਲ ਸੱਤਲੁਜ ਵਲੋਂ ਕੀਤੇ ਜਾ ਰਹੇ ਉਹਨਾਂ ਉਪਰਾਲਿਆਂ ਦੇ ਹਰ ਸੰਭਵ ਸਮਰਥਨ ਦਾ ਫੈਸਲਾ ਕੀਤਾ ਗਿਆ ਜਿਸ ਦਾ ਟੀਚਾ ਇਹ ਹੈ ਕਿ ਜਥੇਦਾਰਾਂ ਨੂੰ ਥਾਪਣ ਅਤੇ ਹਟਾਉਣ ਦਾ ਕੰਮ ਸ਼੍ਰੋਮਣੀ ਕਮੇਟੀ ਦੇ ਕਾਰਜ-ਖੇਤਰ ਵਿਚੋਂ ਕੱਢ ਕੇ ਮੁੜ ਪੰਥ ਦੇ ਹੱਥਾਂ ਵਿਚ ਦਿਤਾ ਜਾਵੇ।