ਐਤਵਾਰ ਦੁਪਹਿਰ ਵਕਾਟਾਨੇ ਨੇੜੇ ਆਏ ਤੂਫ਼ਾਨ ਨੇ ਇਲਾਕੇ ਵਿੱਚ ਤਬਾਹੀ ਮਚਾ ਦਿੱਤੀ। ਅਵਾਕੇਰੀ ਖੇਤਰ ਵਿਚ ਸਟੇਟ ਹਾਈਵੇ 30 ਦੇ ਨਾਲ ਕਈ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ, ਜਦਕਿ ਕੁਝ ਘਰਾਂ ਦੀਆਂ ਛੱਤਾਂ ਪੂਰੀ ਤਰ੍ਹਾਂ ਉੱਡ ਗਈਆਂ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਭਗ 2:45 ਵਜੇ ਕਈ ਸਥਾਨਾਂ ਤੋਂ ਤੂਫ਼ਾਨ ਦੀਆਂ ਰਿਪੋਰਟਾਂ ਮਿਲੀਆਂ, ਜਿਸ ਕਾਰਨ ਐਜਕੰਬੇ ਅਤੇ ਵਕਾਟਾਨੇ ਤੋਂ ਚਾਰ ਅਮਲੇ ਮੌਕੇ ‘ਤੇ ਭੇਜੇ ਗਏ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ “ਤੂਫ਼ਾਨ ਨਾਲ ਕਈ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ, ਜਿਨ੍ਹਾਂ ਵਿੱਚ ਛੱਤਾਂ ਦੇ ਉੱਡ ਜਾਣ ਦੇ ਮਾਮਲੇ ਵੀ ਸ਼ਾਮਲ ਹਨ।”
ਸੇਂਟ ਜੌਨ ਐਂਬੂਲੈਂਸ ਨੇ ਕਿਹਾ ਕਿ ਉਹਨਾਂ ਦੀ ਟੀਮ ਅਤੇ ਮੈਨੇਜਰ ਮੌਕੇ ‘ਤੇ ਪਹੁੰਚੇ ਸਨ, ਪਰ ਖੁਸ਼ਕਿਸਮਤੀ ਨਾਲ ਕਿਸੇ ਨੂੰ ਤੁਰੰਤ ਸਹਾਇਤਾ ਦੀ ਲੋੜ ਨਹੀਂ ਪਈ।
ਵਕਾਟਾਨੇ ਜ਼ਿਲ੍ਹਾ ਪ੍ਰੀਸ਼ਦ ਮੁਤਾਬਕ, ਥੋੜ੍ਹੀ ਗਿਣਤੀ ਵਿੱਚ ਰਹਾਇਸ਼ੀ ਘਰਾਂ ਅਤੇ ਕੁਝ ਬਾਹਰੀ ਢਾਂਚਿਆਂ ਨੂੰ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਅਗਲੇ ਕੁਝ ਘੰਟਿਆਂ ਤੱਕ ਹਵਾਵਾਂ ਦੇ ਤੇਜ਼ ਝੋਕੇ ਜਾਰੀ ਰਹਿ ਸਕਦੇ ਹਨ।
