ਆਕਲੈਂਡ (ਐੱਨ ਜੈੱਡ ਤਸਵੀਰ) ਵੈਸਟ ਆਕਲੈਂਡ ਦੇ ਮੈਸੀ ਇਲਾਕੇ ਵਿੱਚ 21 ਸਾਲਾ ਕਾਨੂੰਨ ਵਿਦਿਆਰਥਣ ਜ਼ਾਨਾ ਯਾਕੁਬੀ ਦੀ ਨਿਰਦਈ ਹੱਤਿਆ ਕਰਨ ਵਾਲੇ ਕਨਵਰਪਾਲ ਸਿੰਘ ਦੀ ਸਜ਼ਾ ਵਿਰੁੱਧ ਕੀਤੀ ਅਪੀਲ ਕੋਰਟ ਆਫ ਅਪੀਲ ਵੱਲੋਂ ਖਾਰਿਜ ਕਰ ਦਿੱਤੀ ਗਈ ਹੈ।
ਕਨਵਰਪਾਲ ਸਿੰਘ ਕਈ ਸਾਲਾਂ ਤੱਕ ਜ਼ਾਨਾ ਯਾਕੁਬੀ ਦਾ ਪੀਛਾ ਕਰਦਾ ਅਤੇ ਉਸਨੂੰ ਤੰਗ ਕਰਦਾ ਰਿਹਾ। ਉਸ ਨੇ ਕਦੇ ਉਸਨੂੰ ਅਗਵਾ ਕਰਨ ਦੀ ਧਮਕੀ ਦਿੱਤੀ ਅਤੇ ਕਿਹਾ ਕਿ “ਮੈਂ ਤੈਨੂੰ 365 ਦਿਨ ਦਿਆਂਗਾ ਮੈਨੂੰ ਪਿਆਰ ਕਰਨ ਲਈ” ਜੋ ਨੈੱਟਫਲਿਕਸ ਦੀ ਫਿਲਮ 365 ਡੇਅ ਦੀ ਕਹਾਣੀ ਨਾਲ ਮਿਲਦੀ-ਜੁਲਦੀ ਸੀ। ਜ਼ਾਨਾ ਵਾਰ-ਵਾਰ ਉਸਨੂੰ ਰੋਕਣ ਦੀ ਬੇਨਤੀ ਕਰਦੀ ਰਹੀ ਅਤੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ, ਪਰ ਸਿੰਘ ਉਸਦੇ ਪਿੱਛੇ ਪਿਆ ਰਿਹਾ। ਉਸ ਨੇ ਕਿਹਾ, “ਮੈਂ ਤੈਨੂੰ ਕਦੇ ਜਿੱਤਣ ਨਹੀਂ ਦਿਆਂਗਾ।”
19 ਦਸੰਬਰ 2022 ਨੂੰ, ਜਦੋਂ ਯਾਕੁਬੀ ਕੰਮ ਤੋਂ ਘਰ ਵਾਪਸ ਆ ਰਹੀ ਸੀ, ਸਿੰਘ ਉਸਦੀ ਗਲੀ ਵਿੱਚ ਘਾਤ ਲਗਾ ਕੇ ਬੈਠਾ ਸੀ। ਜਦੋਂ ਜ਼ਾਨਾ ਨੇ ਮੋਬਾਈਲ ‘ਤੇ ਪੁਲਿਸ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ, ਤਦ ਉਸਨੇ ਵੱਡੀ ਛੁਰੀ ਨਾਲ ਉਸਦੇ ਪੇਟ ਅਤੇ ਛਾਤੀ ‘ਚ 12 ਵਾਰ ਵਾਰ ਕੀਤਾ। ਚਾਰ ਘਾਵ ਐਸੇ ਸਨ ਜੋ ਮੌਤ ਦਾ ਕਾਰਣ ਬਣੇ ਸਨ। ਉਹ ਓਥੇ ਹੀ ਡਿੱਗ ਕੇ ਮਰ ਗਈ।
ਪੁਲਿਸ ਨੇ ਜਾਂਚ ਦੌਰਾਨ ਪਤਾ ਲਗਾਇਆ ਕਿ ਸਿੰਘ ਕਈ ਮਹੀਨਿਆਂ ਤੋਂ ਇਸ ਕਤਲ ਦੀ ਯੋਜਨਾ ਬਣਾ ਰਿਹਾ ਸੀ। ਉਸਨੂੰ ਮੌਤ ਤੋਂ ਅਗਲੇ ਦਿਨ ਹੀ ਉਸਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਜ਼ਾਨਾ ਯਾਕੁਬੀ ਅਫਗਾਨਿਸਤਾਨ ਦੇ ਯੁੱਧ ਤੋਂ ਬਚ ਕੇ ਨਿਊਜ਼ੀਲੈਂਡ ਆਏ ਟੈਂਪਾ ਸ਼ਰਨਾਰਥੀਆਂ ਵਿਚੋਂ ਇੱਕ ਪਰਿਵਾਰ ਨਾਲ ਸਬੰਧਤ ਸੀ। ਉਹ ਦੋ ਸਾਲ ਦੀ ਉਮਰ ਵਿੱਚ ਆਪਣੀ ਮਾਂ ਅਤੇ ਭਰਾਵਾਂ-ਭੈਣਾਂ ਦੇ ਨਾਲ ਇੱਥੇ ਆਈ ਸੀ।
ਉਹ ਹੁਸ਼ਿਆਰ, ਖੁਦਮੁਖਤਿਆਰ ਅਤੇ ਮਿਹਨਤੀ ਵਿਦਿਆਰਥਣ ਸੀ। 2022 ਵਿੱਚ ਉਸਨੇ ਆਕਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ ਵਿੱਚ ਕਾਨੂੰਨ ਦੀ ਤੀਜੀ ਸਾਲ ਦੀ ਪੜ੍ਹਾਈ ਪੂਰੀ ਕੀਤੀ ਸੀ। ਜੱਜ ਡੇਵਿਡ ਜਾਨਸਟਨ ਨੇ ਕਿਹਾ, “ਉਸਦੇ ਸਾਹਮਣੇ ਇਕ ਖੁਸ਼ਹਾਲ ਅਤੇ ਸਫਲ ਜੀਵਨ ਸੀ, ਜੋ ਬੇਰਹਿਮੀ ਨਾਲ ਖਤਮ ਕਰ ਦਿੱਤਾ ਗਿਆ।”
ਸਿੰਘ ਨੇ ਆਪਣੀ ਸਜ਼ਾ ਘਟਾਉਣ ਲਈ ਨਵੀਂ ਮਨੋਵਿਗਿਆਨਕ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਉਹ “ਗੰਭੀਰ ਪੁਰਸਨਲਿਟੀ ਡੀਸਆਰਡਰ” ਨਾਲ ਪੀੜਤ ਹੈ,ਜਿਸ ਵਿੱਚ ਨਾਰਸਿਸਿਸਟਿਕ, ਓਬਸੈਸ਼ਨਲ ਅਤੇ ਐਂਟੀਸੋਸ਼ਲ ਰੁਝਾਨ ਸ਼ਾਮਲ ਹਨ।
ਰਿਪੋਰਟ ਅਨੁਸਾਰ, ਸਿੰਘ ਨੂੰ ਆਪਣੇ ਪੀੜਤ ਨਾਲ ਰਿਸ਼ਤੇ ਬਾਰੇ “ਭਾਰੀ ਭਰਮ” ਸੀ ਅਤੇ ਉਹ ਸੋਚਦਾ ਸੀ ਕਿ ਜ਼ਾਨਾ ਉਸਨੂੰ ਪਿਆਰ ਕਰਦੀ ਹੈ, ਜਦਕਿ ਹਕੀਕਤ ਇਸ ਤੋਂ ਬਿਲਕੁਲ ਉਲਟ ਸੀ।
ਪਰ ਕੋਰਟ ਆਫ ਅਪੀਲ ਨੇ ਸਾਫ਼ ਕਿਹਾ ਕਿ ਇਹ ਰਿਪੋਰਟ ਸਿੰਘ ਦੀ ਨੈਤਿਕ ਦੋਸ਼ੀਤਾ ਘਟਾਉਣ ਵਾਲੀ ਨਹੀਂ ਹੈ। ਉਲਟ, ਇਸਨੇ ਇਹ ਦਰਸਾਇਆ ਕਿ ਉਸਦੇ ਵਿਵਹਾਰ ਲਈ ਉਸਨੂੰ ਜ਼ਿੰਮੇਵਾਰ ਠਹਿਰਾਉਣਾ ਹੋਰ ਵੀ ਜ਼ਰੂਰੀ ਹੈ। ਰਿਪੋਰਟ ਲਈ ਕੀਤੇ ਇੰਟਰਵਿਊ ਵਿੱਚ ਵੀ ਸਿੰਘ ਨੇ ਦਾਅਵਾ ਕੀਤਾ ਕਿ ਯਾਕੁਬੀ ਨੇ ਉਸਨੂੰ “ਮਨੋਵਿਗਿਆਨਕ ਤੌਰ ‘ਤੇ ਠੱਗਿਆ” ਅਤੇ ਕਿਹਾ ਕਿ ਉਸਦੇ ਪਰਿਵਾਰ ਨੂੰ ਉਸ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਉਸਨੇ ਇਹ ਵੀ ਕਿਹਾ ਕਿ ਜੇ ਹੋਰ ਲੋਕ ਦਖਲ ਦਿੰਦੇ ਤਾਂ “ਉਹ” ਕਤਲ ਰੋਕ ਸਕਦਾ ਸੀ।
ਸਿੰਘ, ਜੋ ਉਸ ਵੇਲੇ 30 ਸਾਲ ਦਾ ਸੀ, ਭਾਰਤ ਵਿੱਚ ਇੱਕ ਰੁੜੀਵਾਦੀ ਸਿੱਖ ਪਰਿਵਾਰ ਵਿੱਚ ਪੈਦਾ ਹੋਇਆ ਸੀ, ਪਰ ਬਾਅਦ ਵਿੱਚ ਇਸਲਾਮ ਧਰਮ ਅਪਣਾਇਆ। ਉਸਦਾ ਵਿਜ਼ਟਰ ਵੀਜ਼ਾ ਛੇ ਮਹੀਨੇ ਪਹਿਲਾਂ ਹੀ ਸਮਾਪਤ ਹੋ ਚੁੱਕਾ ਸੀ ਜਦੋਂ ਉਸਨੇ ਇਹ ਜੁਰਮ ਕੀਤਾ। ਉਸਨੂੰ ਆਉਣੀ ਉਮਰ ਕੈਦ ਦੀ ਸਜ਼ਾ ਮਿਲੀ ਹੈ ਅਤੇ 17 ਸਾਲ ਤੱਕ ਉਸਨੂੰ ਪਰੋਲ ਨਹੀਂ ਮਿਲੇਗੀ।
Related posts
- Comments
- Facebook comments
