ਆਕਲੈਂਡ (ਕੁਲਵੰਤ ਸਿੰਘ ਖੈਰਾਬਾਦੀ – ਐੱਨ ਜੈੱਡ ਤਸਵੀਰ):ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ, ਪਾਪਾਟੋਏਟੋਏ ਵਿਖੇ ਅੱਜ ਇਕ ਵਿਸ਼ੇਸ਼ ਸਮਾਗਮ ਦੌਰਾਨ ਸਰਦਾਰ ਪ੍ਰਿਥੀਪਾਲ ਸਿੰਘ ਬਸਰਾ ਜੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਹਾਲ ਹੀ ਵਿੱਚ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਸਿੱਖ ਸੰਸਥਾ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੀ ਸਲਾਨਾ ਮੀਟਿੰਗ ਦੌਰਾਨ ਸਰਦਾਰ ਬਸਰਾ ਜੀ ਨੂੰ ਸੰਸਥਾ ਦੇ ਚੇਅਰਪਰਸਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਅੱਜ ਦੇ ਦੀਵਾਨ ਦੌਰਾਨ ਸਰਦਾਰ ਬਸਰਾ ਜੀ ਨੇ ਨਿਊਜ਼ੀਲੈਂਡ ਦੇ 25 ਗੁਰੂ ਘਰਾਂ ਦੀਆਂ ਕਮੇਟੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਇਕਜੁੱਟ ਹੋ ਕੇ ਨਵਾਂ ਇਤਿਹਾਸ ਰਚਿਆ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿੱਚ ਹਾਜ਼ਰ ਸੰਗਤ ਦਾ ਵੀ ਹਾਰਦਿਕ ਧੰਨਵਾਦ ਕੀਤਾ।
ਸਰਦਾਰ ਬਸਰਾ ਜੀ ਪਿਛਲੇ ਕਈ ਦਹਾਕਿਆਂ ਤੋਂ ਗੁਰਦੁਆਰਾ ਸਾਹਿਬ ਦੀ ਸੇਵਾਦਾਰ ਕਮੇਟੀ ਵਿੱਚ ਨਿਸ਼ਕਾਮ ਸੇਵਾ ਨਿਭਾਉਂਦੇ ਆ ਰਹੇ ਹਨ। ਉਨ੍ਹਾਂ ਦੀ ਸੇਵਾ ਨਿਊਜ਼ੀਲੈਂਡ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਸਿੱਖ ਭਾਈਚਾਰੇ ਲਈ ਪ੍ਰੇਰਣਾ ਦਾ ਸਰੋਤ ਹੈ।
ਇਸ ਮੌਕੇ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਸਰਦਾਰ ਮਨਜੀਤ ਸਿੰਘ ਬਾਠ ਜੀ ਨੂੰ ਵੀ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਟ੍ਰੇਜ਼ਰਰ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਲੰਬੀ ਸੇਵਾ ਨੂੰ ਵੀ ਸੰਗਤ ਵੱਲੋਂ ਖੁੱਲ੍ਹੇ ਦਿਲ ਨਾਲ ਸਰਾਹਿਆ ਗਿਆ।
ਇਮੀਗ੍ਰੇਸ਼ਨ ਮੈਟਰਜ਼ ਐਨਜ਼ੀ ਲਿਮਿਟਡ (ਪਾਪਾਟੋਏਟੋਏ) ਵੱਲੋਂ ਸਰਦਾਰ ਜਗਜੀਤ ਸਿੰਘ ਸਿੱਧੂ ਨੇ ਸਰਦਾਰ ਬਸਰਾ ਜੀ ਨੂੰ ਵਿਸ਼ੇਸ਼ ਸਨਮਾਨ ਚਿੰਨ ਭੇਂਟ ਕੀਤਾ। ਇਸ ਤੋਂ ਇਲਾਵਾ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬ ਦੀ ਬਖ਼ਸ਼ੀ ਹੋਈ ਦਾਤ ਸਰੋਪਾ ਸਾਹਿਬ ਵੀ ਪ੍ਰਦਾਨ ਕੀਤਾ ਗਿਆ।
ਸਟੇਜ ਤੋਂ ਸਰਦਾਰ ਸੁਰਜੀਤ ਸਿੰਘ ਸੱਚਦੇਵਾ ਨੇ ਸਰਦਾਰ ਜਗਜੀਤ ਸਿੰਘ ਸਿੱਧੂ, ਮਨਜੀਤ ਸਿੰਘ ਬਾਠ, ਰੇਸ਼ਮ ਸਿੰਘ, ਕੁਲਵਿੰਦਰ ਸਿੰਘ ਬਾਠ, ਬਲਵੀਰ ਸਿੰਘ ਬਸਰਾ, ਪਰਗਨ ਸਿੰਘ ਅਤੇ ਨਰਿੰਦਰ ਸਿੰਗਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਸਮਾਗਮ ਨੂੰ ਕਾਮਯਾਬ ਬਣਾਉਣ ਵਿੱਚ ਯੋਗਦਾਨ ਪਾਇਆ।
