ਆਕਲੈਂਡ (ਐੱਨ ਜੈੱਡ ਤਸਵੀਰ) ਟੋਂਗਾਰੀਰੋ ਨੈਸ਼ਨਲ ਪਾਰਕ ਵਿੱਚ ਲੱਗੀ ਵੱਡੀ ਜੰਗਲੀ ਅੱਗ ਕਾਰਨ ਟਰੈਕਿੰਗ ਕਰਨ ਵਾਲੇ ਦਰਜਨਾਂ ਲੋਕਾਂ ਨੂੰ ਏਅਰਲਿਫ਼ਟ ਕਰਕੇ ਬਚਾਇਆ ਗਿਆ ਹੈ ਅਤੇ ਨੇੜਲੇ ਰਾਸ਼ਟਰੀ ਹਾਈਵੇ ਨੂੰ ਬੰਦ ਕਰਨਾ ਪਿਆ ਹੈ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਮੁਤਾਬਕ ਸ਼ਨੀਵਾਰ ਰਾਤ 10 ਵਜੇ ਤੋਂ ਥੋੜ੍ਹਾ ਪਹਿਲਾਂ ਲਗਭਗ 400 ਹੈਕਟੇਅਰ ਦੇਖਭਾਲ ਵਾਲਾ ਇਲਾਕਾ ਅੱਗ ਦੀ ਲਪੇਟ ਵਿੱਚ ਸੀ। ਅੱਗ ਬੇਕਾਬੂ ਹੈ ਅਤੇ ਮਾਊਂਟ ਨਗਾਊਰੋਹੋਏ ਵੱਲ ਵੱਧ ਰਹੀ ਹੈ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੇ ਅਸਿਸਟੈਂਟ ਕਮਾਂਡਰ ਨਿਕ ਵੈਸਟ ਨੇ ਦੱਸਿਆ ਕਿ ਰਾਤ ਦੇ ਸਮੇਂ ਅੱਗ ਇਸ ਕਦਰ ਖ਼ਤਰਨਾਕ ਹੈ ਕਿ ਫਾਇਰਫਾਈਟਰ ਉਸ ’ਤੇ ਸਿੱਧੇ ਕੰਮ ਨਹੀਂ ਕਰ ਸਕਦੇ, ਇਸ ਲਈ ਉਹ ਸਿਰਫ਼ ਨਿਗਰਾਨੀ ਕਰ ਰਹੇ ਹਨ।
ਦਿਨ ਦੇ ਸਮੇਂ ਤੇਰਾਂ ਫਾਇਰ ਕ੍ਰੂ ਅੱਠ ਬ੍ਰਿਗੇਡਾਂ ਤੋਂ ਮੌਕੇ ’ਤੇ ਕੰਮ ਕਰ ਰਹੇ ਸਨ। ਤਿੰਨ ਹੈਲੀਕਾਪਟਰ ਮੋਨਸੂਨ ਬਕੈਟਾਂ ਨਾਲ ਅੱਗ ’ਤੇ ਪਾਣੀ ਸੁੱਟ ਰਹੇ ਸਨ, ਤੇ ਇੱਕ ਹੈਲੀਕਾਪਟਰ ਨਿਗਰਾਨੀ ਲਈ ਵਰਤਿਆ ਜਾ ਰਿਹਾ ਸੀ,ਪਰ ਰਾਤ ਹੁੰਦੇ ਹੀ ਸਾਰੇ ਹੈਲੀਕਾਪਟਰ ਰੋਕ ਦਿੱਤੇ ਗਏ।
ਟਰੈਂਪਰਾਂ ਦੀ ਐਮਰਜੈਂਸੀ ਬਚਾਵ ਕਾਰਵਾਈ
ਮਾਂਗੇਤੇਪੋਪੋ ਹਟ (Tongariro Alpine Crossing) ਤੋਂ ਹਾਇਕਰਾਂ ਨੂੰ ਹੈਲੀਕਾਪਟਰ ਰਾਹੀਂ ਕੱਢਿਆ ਗਿਆ। ਡੀਓਸੀ (Department of Conservation) ਦੇ ਮੁਤਾਬਕ, ਸਾਵਧਾਨੀ ਵਜੋਂ 43 ਟਰੈਂਪਰਾਂ ਅਤੇ ਇੱਕ ਹਟ ਵਾਰਡਨ ਨੂੰ ਸੁਰੱਖਿਅਤ ਥਾਂ ਪਹੁੰਚਾਇਆ ਗਿਆ। ਕੋਈ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਕਿਹਾ, “ਜੇ ਕਿਸੇ ਨੂੰ ਆਪਣੇ ਦੋਸਤ ਜਾਂ ਪਰਿਵਾਰ ਦੇ ਮੈਂਬਰਾਂ ਬਾਰੇ ਚਿੰਤਾ ਹੈ ਜੋ ਅੱਜ ਐੱਸਐੱਚ 47 ਜਾਂ Tongariro Crossing ’ਤੇ ਗਏ ਹੋਣ, ਤਾਂ ਜਿੰਨੀ ਜਲਦੀ ਹੋ ਸਕੇ ਸੰਪਰਕ ਕਰਨ ਦੀ ਕੋਸ਼ਿਸ਼ ਕਰੋ। ਸੰਪਰਕ ਨਾ ਹੋਵੇ ਤਾਂ 111 ’ਤੇ ਫੋਨ ਕਰਕੇ ਪੁਲਿਸ ਨੂੰ ਜਾਣਕਾਰੀ ਦਿਓ।”
ਸ਼ਨੀਵਾਰ ਰਾਤ ਹਾਲਾਤ ਕੁਝ ਬਿਹਤਰ ਹੋਏ, ਪਰ ਅੱਧੀ ਰਾਤ ਦੇ ਨੇੜੇ ਹਵਾ ਦੀ ਦਿਸ਼ਾ ਬਦਲਣ ਦੀ ਸੰਭਾਵਨਾ ਹੈ, ਜਿਸ ਨਾਲ ਅੱਗ ਸਟੇਟ ਹਾਈਵੇਅ 46 ਵੱਲ ਵੱਧ ਸਕਦੀ ਹੈ।
ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਦੱਸਿਆ ਕਿ ਉਹ ਪੁਲਿਸ, ਸਥਾਨਕ ਇਵੀ ਅਤੇ ਡੀਓਸੀ ਨਾਲ ਮਿਲ ਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾ ਰਹੇ ਹਨ ਅਤੇ ਨੇੜਲੇ ਇਲਾਕੇ ਦੇ ਰਹਿਣ ਵਾਲਿਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
ਹਾਈਵੇ ਬੰਦ – ਯਾਤਰੀਆਂ ਨੂੰ ਵਾਪਸ ਮੁੜਨ ਦੀ ਅਪੀਲ
ਸਟੇਟ ਹਾਈਵੇਅ 47 ਨੂੰ ਐੱਸਐੱਚ 48 ਤੋਂ ਐੱਸਐੱਚ 46 ਤੱਕ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਨੇ ਰਾਤ 8 ਵਜੇ ਦੇ ਕਰੀਬ ਕਿਹਾ:
“ਮੋਟਰਿਸਟ ਜਾਂ ਤਾਂ ਵਾਪਸ ਮੁੜ ਜਾਣ, ਜਾਂ ਯਾਤਰਾ ਦੇਰੀ ਨਾਲ ਸ਼ੁਰੂ ਕਰਨ, ਕਿਉਂਕਿ ਨੇੜੇ ਕੋਈ ਬਦਲ ਰੂਟ ਉਪਲਬਧ ਨਹੀਂ।”
ਅੱਗ ਦੀ ਸੁਚਨਾ ਸ਼ਨੀਵਾਰ ਦੁਪਿਹਰ 3:15 ਵਜੇ ਮਿਲੀ ਸੀ। ਅੱਗ ਅਤੇ ਰਾਹਤ ਕੰਮਾਂ ਕਾਰਨ ਹਾਈਵੇ ’ਤੇ ਗੱਡੀਆਂ ਦੀ ਲੰਮੀ ਲਾਈਨ ਵੀ ਲੱਗ ਗਈ।
ਡੀਓਸੀ ਦੇ ਅਨੁਸਾਰ Tongariro Alpine Crossing ਅਤੇ Northern Circuit ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਐਤਵਾਰ ਨੂੰ ਵੀ ਬੰਦ ਰਹਿਣਗੇ।
ਡੀਓਸੀ ਦੇ ਸੈਂਟਰਲ ਨੌਰਥ ਆਇਲੈਂਡ ਓਪਰੈਸ਼ਨਜ਼ ਡਾਇਰੈਕਟਰ ਡੇਮਿਯਨ ਕੂਟਸ ਨੇ ਕਿਹਾ ਕਿ ਅੱਗ ਅਜੇ ਕਿਸੇ ਵੀ ਟ੍ਰੈਕ ਜਾਂ ਹਟ ਤੱਕ ਨਹੀਂ ਪਹੁੰਚੀ, ਪਰ ਇਹ ਫੈਸਲਾ ਸੁਰੱਖਿਆ ਵਾਸਤੇ ਲਿਆ ਗਿਆ ਹੈ। ਲੋਕਾਂ ਨੂੰ ਇਲਾਕੇ ਵਿੱਚ ਨਾ ਜਾਣ ਦੀ ਹਦਾਇਤ ਦਿੱਤੀ ਗਈ ਹੈ। ਹਾਲੇ ਇਸ ਵੱਡੀ ਅੱਗ ਦਾ ਕਾਰਨ ਨਹੀਂ ਪਤਾ ਲੱਗਿਆ।
Related posts
- Comments
- Facebook comments
