ਆਕਲੈਂਡ (ਐੱਨ ਜੈੱਡ ਤਸਵੀਰ) ਮੈਂਗੇਰੇ ਦੇ ਇੱਕ ਕੁਲ-ਦ-ਸੈਕ ਇਲਾਕੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਕੂੜਾ ਸੁੱਟਣ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਫ਼ਰਵਰੀ ਤੋਂ ਅਕਤੂਬਰ ਤੱਕ ਇਸ ਸਥਾਨ ਤੋਂ 55 ਵਾਰ ਕਾਂਟ੍ਰੈਕਟਰਾਂ ਨੂੰ ਕਿੱਚਰਾ ਹਟਾਉਣ ਲਈ ਬੁਲਾਇਆ ਗਿਆ।
ਆਕਲੈਂਡ ਕੌਂਸਲ ਨੇ ਹੁਣ ਉਸ ਵਾਹਨ ਦੇ ਰਜਿਸਟਰਡ ਮਾਲਕ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਿਸਦੇ ਸਵਾਰੀਆਂ ਨੂੰ ਇਸ ਸਥਾਨ ‘ਤੇ ਕੂੜਾ ਸੁੱਟਦੇ ਕੈਮਰੇ ਵਿੱਚ ਕੈਦ ਕੀਤਾ ਗਿਆ ਸੀ। ਕੌਂਸਲ ਨੇ ਦੱਸਿਆ ਕਿ ਇਹ ਕਾਰਵਾਈ ਜ਼ੀਰੋ-ਟੋਲਰੈਂਸ ਮੁਹਿੰਮ ਦੇ ਤਹਿਤ ਕੀਤੀ ਗਈ ਹੈ।
ਵਾਹਨ ਮਾਲਕ ਨੇ ਦੋਸ਼ੀਆਂ ਦੇ ਨਾਮ ਦੱਸਣ ਤੋਂ ਕੀਤਾ ਇਨਕਾਰ-
ਜੂਨ 2024 ਵਿੱਚ, ਸੀਸੀਟੀਵੀ ਕੈਮਰਿਆਂ ਨੇ ਇੱਕ ਗੱਡੀ ਵਿੱਚੋਂ ਸੜਕ ਦੇ ਕਿਨਾਰੇ ਕੂੜਾ ਉਤਾਰਦੇ ਹੋਏ ਵੀਡੀਓ ਰਿਕਾਰਡ ਕੀਤੀ। ਕੌਂਸਲ ਨੇ ਵਾਹਨ ਮਾਲਕ ਨੂੰ ਪਹچਾਣਿਆ, ਪਰ ਉਸ ਨੇ ਕੂੜਾ ਸੁੱਟਣ ਵਾਲਿਆਂ ਦੇ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਕੇਸ ਨੂੰ Litter Act 1979 ਤਹਿਤ ਅਦਾਲਤ ਵਿੱਚ ਲਿਆਂਦਾ ਗਿਆ।
ਅਕਤੂਬਰ ਵਿੱਚ ਦੋਸ਼ੀ ਨੇ ਨਿਰਧਾਰਿਤ ਸ਼ਰਤਾਂ ਪੂਰੀਆਂ ਨਾ ਕੀਤੀਆਂ, ਜਿਸ ਕਾਰਨ ਉਸ ਨੂੰ $750 ਜੁਰਮਾਨੇ ਤੇ ਅਦਾਲਤੀ ਖਰਚੇ ਭਰਨ ਦੇ ਹੁਕਮ ਜਾਰੀ ਹੋਏ।
ਆਕਲੈਂਡ ਕੌਂਸਲ ਦੀ ਵੇਸਟ ਸਿਲਿਊਸ਼ਨ ਜਨਰਲ ਮੈਨੇਜਰ ਜਸਟਿਨ ਹੈਵਜ਼ ਨੇ ਦੱਸਿਆ ਕਿ ਇਹ ਕੇਸ ਕੌਂਸਲ ਦੀ ਸਖ਼ਤ ਨੀਤੀ ਦਾ ਹਿੱਸਾ ਹੈ।
ਪਿਛਲੇ ਵਿੱਤੀ ਸਾਲ ਵਿੱਚ 599 ਜੁਰਮਾਨੇ ਜਾਰੀ ਕੀਤੇ ਗਏ— ਜੋ ਪਿਛਲੇ ਸਾਲ ਦੀ ਤੁਲਨਾ ਵਿੱਚ ਲਗਭਗ ਦੋਗੁਣੇ ਹਨ।
ਸਾਲਾਨਾ ਤੌਰ ‘ਤੇ 2000 ਟਨ ਤੋਂ ਵੱਧ ਕੂੜਾ ਆਕਲੈਂਡ ਭਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਸੁੱਟਿਆ ਜਾਂਦਾ ਹੈ, ਜਿਸ ਨਾਲ ਇਲਾਕਿਆਂ ਦੀ ਸੁੰਦਰਤਾ ਅਤੇ ਸਫ਼ਾਈ ਪ੍ਰਭਾਵਿਤ ਹੁੰਦੀ ਹੈ।
ਹੈਵਜ਼ ਨੇ ਕਿਹਾ ਕਿ ਬਹੁਤ ਸਾਰਾ ਘਰੇਲੂ ਕੂੜਾ, ਰੀਸਾਇਕਲਿੰਗ,ਫੂਡ ਸਕ੍ਰੈਪਸ ਬਿਨ,ਜਾਂ ਇਨਆਰਗੈਨਿਕ ਕਲੇਕਸ਼ਨ ਸਰਵਿਸ ਰਾਹੀਂ ਅਸਾਨੀ ਨਾਲ ਨਿਪਟਾਇਆ ਜਾ ਸਕਦਾ ਸੀ।
ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਸੇਵਾਵਾਂ ਰੇਟਾਂ ਵਿੱਚ ਕਵਰ ਹਨ ਅਤੇ ਕਮਿਊਨਿਟੀ ਰੀਸਾਇਕਲਿੰਗ ਸੈਂਟਰ ਵੀ ਬਹੁਤ ਘੱਟ ਫ਼ੀਸ ‘ਤੇ ਕੂੜਾ ਸਵੀਕਾਰ ਕਰਦੇ ਹਨ।
ਗੈਰ-ਕਾਨੂੰਨੀ ਕੂੜਾ ਸੁੱਟਣ ਵਾਲਿਆਂ ਲਈ ਚੇਤਾਵਨੀ ਜਾਰੀ- ਉਹਨਾਂ ਨੇ ਚੇਤਾਵਨੀ ਦਿੱਤੀ ਕਿ ਕਈ ਮਾਮਲਿਆਂ ਵਿੱਚ ਲੋਕ ਹੋਰ ਇਲਾਕਿਆਂ ਤੋਂ ਆ ਕੇ ਕੂੜਾ ਸੁੱਟਦੇ ਹਨ, ਜੋ ਸਥਾਨਕ ਨਿਵਾਸੀਆਂ ਨਾਲ ਨਾਅਇਨਸਾਫ਼ੀ ਹੈ।
“ਗੈਰ-ਕਾਨੂੰਨੀ ਡੰਪਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਦੋਸ਼ੀਆਂ ਵਿਰੁੱਧ ਕਾਰਵਾਈ ਲਾਜ਼ਮੀ ਹੈ।”
Litter Act 1979 ਅਧੀਨ ਇਸ ਤਰ੍ਹਾਂ ਦੀ ਉਲੰਘਣਾ ਲਈ
• ਆਮ ਜੁਰਮਾਨਾ $400 ਤੱਕ,
• ਅਤੇ ਗੰਭੀਰ ਮਾਮਲਿਆਂ ਵਿੱਚ $30,000 ਤੱਕ ਜੁਰਮਾਨਾ ਜਾਂ ਮੁਕੱਦਮਾ ਚੱਲ ਸਕਦਾ ਹੈ।
