ਆਕਲੈਂਡ (ਨਿਊਜ਼ੀਲੈਂਡ):ਆਕਲੈਂਡ ਦੇ ਪਾਰਨੇਲ ਇਲਾਕੇ ਵਿੱਚ ਸਥਿਤ ACG ਸੀਨੀਅਰ ਕਾਲਜ ਵਿੱਚ ਇੱਕ ਖ਼ਤਰਨਾਕ ਰਸਾਇਣ ਦੇ ਗਿਰ ਜਾਣ ਕਾਰਨ ਹੜਕੰਪ ਮਚ ਗਿਆ। ਇਸ ਘਟਨਾ ਦੌਰਾਨ ਇੱਕ ਔਰਤ ਰਸਾਇਣ ਦੀ ਚਪੇਟ ਵਿੱਚ ਆ ਗਈ, ਜਿਸ ਨੂੰ ਤੁਰੰਤ ਐਮਬੂਲੈਂਸ ਰਾਹੀਂ ਹਸਪਤਾਲ ਭਰਤੀ ਕਰਵਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸਕੂਲ ਦੀ ਵਿਗਿਆਨ ਲੈਬ ਵਿੱਚ ਵਾਪਰੀ, ਜਿੱਥੇ ਇੱਕ ਰਸਾਇਣ ਅਚਾਨਕ ਗਿਰ ਗਿਆ। ਉਸ ਵੇਲੇ ਇੱਕ ਲੈਬ ਟੈਕਨੀਸ਼ਨ ਰਸਾਇਣ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਸ ਦੌਰਾਨ ਉਹ ਉਸ ਨਾਲ ਪ੍ਰਭਾਵਿਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਸਕੂਲ ਦੇ ਇਲਾਕੇ ਨੂੰ ਕੁਝ ਸਮੇਂ ਲਈ ਘੇਰਾਬੰਦੀ ਕਰਕੇ ਬੰਦ ਕਰ ਦਿੱਤਾ ਗਿਆ ਅਤੇ ਡੀਕੰਟਾਮਿਨੇਸ਼ਨ (ਰਸਾਇਣੀ ਸਫ਼ਾਈ) ਲਈ ਖ਼ਾਸ ਪ੍ਰਬੰਧ ਕੀਤੇ ਗਏ।
ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਰਸਾਇਣ ਬਹੁਤ ਹੀ ਖ਼ਤਰਨਾਕ ਕਿਸਮ ਦਾ ਸੀ, ਜੋ ਪਾਣੀ ਨਾਲ ਤੇਜ਼ ਪ੍ਰਤੀਕਿਰਿਆ ਕਰ ਸਕਦਾ ਹੈ। ਹਾਲਾਂਕਿ ਸਥਿਤੀ ਨੂੰ ਸਮੇਂ ਸਿਰ ਕਾਬੂ ਵਿੱਚ ਲਿਆ ਗਿਆ ਅਤੇ ਕਿਸੇ ਹੋਰ ਵਿਅਕਤੀ ਨੂੰ ਨੁਕਸਾਨ ਨਹੀਂ ਹੋਇਆ।
ਹਸਪਤਾਲ ਵਿੱਚ ਦਾਖ਼ਲ ਔਰਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਸ ਨੂੰ ਜਲਦੀ ਹੀ ਛੁੱਟੀ ਦੇ ਦਿੱਤੀ ਜਾਵੇਗੀ।
ਸਕੂਲ ਪ੍ਰਬੰਧਨ ਵੱਲੋਂ ਕਿਹਾ ਗਿਆ ਹੈ ਕਿ ਸਾਰੇ ਸਿਹਤ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਗਈ ਅਤੇ ਵਿਦਿਆਰਥੀਆਂ ਤੇ ਸਟਾਫ਼ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ।
