ਹਾਕਸ ਬੇ ਇਲਾਕੇ ਦੇ ਇੱਕ ਨੌਜਵਾਨ ਨੂੰ ਨਿਊਜ਼ੀਲੈਂਡ ਦੀ ਅਦਾਲਤ ਵੱਲੋਂ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖ਼ਤਰਾ ਕਰਾਰ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਦੋਸ਼ੀ ਇੱਕ ਵੱਡੀ ਜਾਨਲੇਵਾ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ, ਜਿਸਨੂੰ ਸਮੇਂ ਸਿਰ ਰੋਕ ਲਿਆ ਗਿਆ।
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀ ਦੀ ਯੋਜਨਾ ਕਿਸੇ ਭੀੜਭਾੜ ਵਾਲੀ ਥਾਂ, ਜਿਵੇਂ ਕਿ ਸ਼ਾਪਿੰਗ ਮਾਲ ਜਾਂ ਧਾਰਮਿਕ ਸਥਾਨ, ਵਿੱਚ ਜਾ ਕੇ ਲੋਕਾਂ ਨੂੰ ਛੁਰਿਆਂ ਨਾਲ ਮਾਰਨ ਦੀ ਸੀ। ਪੁਲਿਸ ਮੁਤਾਬਕ ਉਹ ਇਸ ਹਮਲੇ ਨੂੰ ਆਤਮਘਾਤੀ ਕਦਮ ਵਜੋਂ ਵੀ ਦੇਖ ਰਿਹਾ ਸੀ।
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਅਮਰੀਕੀ ਜਾਂਚ ਏਜੰਸੀ FBI ਨੇ ਨਿਊਜ਼ੀਲੈਂਡ ਪੁਲਿਸ ਨੂੰ ਸੂਚਨਾ ਦਿੱਤੀ। ਦੋਸ਼ੀ ਆਨਲਾਈਨ ਅੱਤਿਵਾਦੀ ਅਤੇ ਹਿੰਸਕ ਗਰੁੱਪਾਂ ਨਾਲ ਜੁੜਿਆ ਹੋਇਆ ਸੀ ਅਤੇ ਉਥੇ ਖੁੱਲ੍ਹੇ ਤੌਰ ‘ਤੇ ਕਤਲੇਆਮ ਬਾਰੇ ਗੱਲਬਾਤ ਕਰਦਾ ਰਿਹਾ।
ਪੁਲਿਸ ਨੇ ਇਹ ਵੀ ਦੱਸਿਆ ਕਿ ਦੋਸ਼ੀ ਖ਼ਿਲਾਫ਼ ਬੱਚਿਆਂ ਨਾਲ ਜੁੜੇ ਯੌਨ ਸ਼ੋਸ਼ਣ ਸਮੱਗਰੀ ਰੱਖਣ ਅਤੇ ਵੰਡਣ ਦੇ ਭਿਆਨਕ ਦੋਸ਼ ਵੀ ਸਾਹਮਣੇ ਆਏ ਹਨ। ਜਾਂਚ ਵਿੱਚ ਪਤਾ ਲੱਗਿਆ ਕਿ ਉਸਨੇ ਇੱਕ ਨਾਬਾਲਗ ਕੁੜੀ ਨੂੰ ਝੂਠੀ ਪਛਾਣ ਨਾਲ ਠੱਗ ਕੇ ਅਣਉਚਿਤ ਤਸਵੀਰਾਂ ਹਾਸਲ ਕੀਤੀਆਂ ਅਤੇ ਹਜ਼ਾਰਾਂ ਗੈਰਕਾਨੂੰਨੀ ਵੀਡੀਓਜ਼ ਆਪਣੇ ਕੋਲ ਸੰਭਾਲ ਕੇ ਰੱਖੀਆਂ।
ਅਧਿਕਾਰੀਆਂ ਅਨੁਸਾਰ ਦੋਸ਼ੀ ਲੰਮੇ ਸਮੇਂ ਤੋਂ ਮਨੋਵਿਗਿਆਨਕ ਤੌਰ ‘ਤੇ ਅਸਥਿਰ ਅਤੇ ਹਿੰਸਕ ਸੋਚ ਦਾ ਸ਼ਿਕਾਰ ਸੀ। ਉਸਦੇ ਸੰਦੇਸ਼ਾਂ ਅਤੇ ਆਨਲਾਈਨ ਗੱਲਬਾਤਾਂ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਹੋਰ ਵਧਾ ਦਿੱਤੀ।
ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਅਦਾਲਤ ਨੇ ਦੋਸ਼ੀ ਦੀ ਪਛਾਣ ਗੁਪਤ (ਨਾਮ ਸਪ੍ਰੈਸ਼ਨ) ਰੱਖਣ ਦੇ ਹੁਕਮ ਦਿੱਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਸਹਿਯੋਗ ਨਾਲ ਇੱਕ ਵੱਡੀ ਤ੍ਰਾਸਦੀ ਨੂੰ ਰੋਕਣ ਵਿੱਚ ਸਫ਼ਲਤਾ ਮਿਲੀ ਹੈ।
