ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੀ ਅਰਥਵਿਵਸਥਾ ਨੇ ਮੰਦੀ ਦੇ ਦੌਰ ਤੋਂ ਬਾਅਦ ਸੁਧਾਰ ਵੱਲ ਕਦਮ ਵਧਾਉਂਦੇ ਹੋਏ ਸਤੰਬਰ ਤਿਮਾਹੀ ਵਿੱਚ 1.1 ਫ਼ੀਸਦੀ ਵਾਧਾ ਦਰਜ ਕੀਤਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਹ ਵਾਧਾ ਮਾਹਿਰਾਂ ਦੀ ਉਮੀਦ ਨਾਲੋਂ ਵੱਧ ਹੈ ਅਤੇ ਪਿਛਲੀ ਤਿਮਾਹੀ ਵਿੱਚ ਆਈ ਘਟੋਤਰੀ ਤੋਂ ਬਾਅਦ ਇੱਕ ਮਹੱਤਵਪੂਰਨ ਵਾਪਸੀ ਮੰਨੀ ਜਾ ਰਹੀ ਹੈ।
ਅੰਕੜਿਆਂ ਮੁਤਾਬਕ, ਉਤਪਾਦਨ (ਮੈਨੂਫੈਕਚਰਿੰਗ), ਨਿਰਮਾਣ (ਕਨਸਟਰਕਸ਼ਨ) ਅਤੇ ਕਾਰੋਬਾਰੀ ਸੇਵਾਵਾਂ ਖੇਤਰਾਂ ਨੇ ਆਰਥਿਕ ਵਾਧੇ ਵਿੱਚ ਖ਼ਾਸ ਯੋਗਦਾਨ ਦਿੱਤਾ। ਇਸ ਦੇ ਨਾਲ ਹੀ ਨਿਰਯਾਤ ਵਿੱਚ ਵੀ 3.3 ਫ਼ੀਸਦੀ ਦਾ ਵਾਧਾ ਹੋਇਆ, ਜਿਸ ਦਾ ਮੁੱਖ ਕਾਰਨ ਡੇਅਰੀ ਅਤੇ ਮੀਟ ਉਤਪਾਦਾਂ ਦੀ ਮਜ਼ਬੂਤ ਮੰਗ ਰਹੀ।
ਹਾਲਾਂਕਿ, ਟੈਲੀਕਮਿਊਨੀਕੇਸ਼ਨ ਅਤੇ ਸਿੱਖਿਆ ਵਰਗੇ ਕੁਝ ਖੇਤਰਾਂ ਵਿੱਚ ਕਮੀ ਵੀ ਦਰਜ ਕੀਤੀ ਗਈ ਹੈ। GDP ਪ੍ਰਤੀ ਵਿਅਕਤੀ ਵਿੱਚ 0.9 ਫ਼ੀਸਦੀ ਵਾਧਾ ਦਰਜ ਹੋਇਆ ਹੈ, ਜੋ ਕਿ ਆਮਦਨ ਪੱਧਰ ਵਿੱਚ ਹੌਲੀ ਸੁਧਾਰ ਵੱਲ ਇਸ਼ਾਰਾ ਕਰਦਾ ਹੈ।
ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਅੰਕੜੇ ਹੌਂਸਲਾ ਅਫ਼ਜ਼ਾਈ ਕਰਨ ਵਾਲੇ ਹਨ, ਪਰ ਮਹਿੰਗਾਈ, ਉੱਚੀਆਂ ਬਿਆਜ ਦਰਾਂ ਅਤੇ ਬੇਰੋਜ਼ਗਾਰੀ ਕਾਰਨ ਆਮ ਲੋਕਾਂ ‘ਤੇ ਦਬਾਅ ਅਜੇ ਵੀ ਬਣਿਆ ਹੋਇਆ ਹੈ। ਇਸ ਪਿਛੋਕੜ ਵਿੱਚ ਰਿਜ਼ਰਵ ਬੈਂਕ ਨੇ ਬਿਆਜ ਦਰਾਂ ਬਾਰੇ ਸਾਵਧਾਨੀ ਭਰੀ ਨੀਤੀ ਅਪਣਾਉਣ ਦੇ ਸੰਕੇਤ ਦਿੱਤੇ ਹਨ।
ਸਰਕਾਰ ਨੇ ਇਸ ਆਰਥਿਕ ਵਾਧੇ ਨੂੰ ਦੇਸ਼ ਲਈ ਸਕਾਰਾਤਮਕ ਸੰਕੇਤ ਦੱਸਿਆ ਹੈ, ਜਦਕਿ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸਦਾ ਲਾਭ ਹਜੇ ਤੱਕ ਆਮ ਪਰਿਵਾਰਾਂ ਤੱਕ ਨਹੀਂ ਪਹੁੰਚਿਆ।
ਕੁੱਲ ਮਿਲਾ ਕੇ, ਸਤੰਬਰ ਤਿਮਾਹੀ ਦੇ ਅੰਕੜੇ ਨਿਊਜ਼ੀਲੈਂਡ ਦੀ ਅਰਥਵਿਵਸਥਾ ਲਈ ਸੁਧਾਰ ਦੀ ਸ਼ੁਰੂਆਤ ਮੰਨੇ ਜਾ ਰਹੇ ਹਨ, ਪਰ ਸਥਿਰਤਾ ਲਈ ਹਜੇ ਹੋਰ ਸਮਾਂ ਅਤੇ ਮਿਹਨਤ ਦੀ ਲੋੜ ਹੈ।
Related posts
- Comments
- Facebook comments
