ਆਕਲੈਂਡ:(ਐੱਨ ਜੈੱਡ ਤਸਵੀਰ) ਪੱਛਮੀ ਆਕਲੈਂਡ ਵਿੱਚ ਚੋਰੀ ਦੀ ਵਾਰਦਾਤ ਕਰਨ ਆਇਆ ਇੱਕ ਚੋਰ ਉਸ ਵੇਲੇ ਪੁਲਿਸ ਦੇ ਹੱਥ ਚੜ੍ਹ ਗਿਆ, ਜਦੋਂ ਉਸ ਵੱਲੋਂ ਪਹਿਲਾਂ ਚੋਰੀ ਕੀਤੀ ਗਈ ਗੱਡੀ ਫਾਰਮ ਦੇ ਚਿੱਕੜ ਵਿੱਚ ਫਸ ਗਈ। ਘਟਨਾ ਕੱਲ੍ਹ ਦੁਪਹਿਰ ਹੈਂਡਰਸਨ ਵੈਲੀ ਖੇਤਰ ਦੀ ਹੈ।
ਪੁਲਿਸ ਮੁਤਾਬਕ, ਦੁਪਹਿਰ ਕਰੀਬ 3.15 ਵਜੇ ਇੱਕ 40 ਸਾਲਾ ਵਿਅਕਤੀ ਨੇ ਹੈਂਡਰਸਨ ਵੈਲੀ ਵਿੱਚ ਸਥਿਤ ਇੱਕ ਫਾਰਮ ਦੇ ਸ਼ੈੱਡ ਵਿੱਚ ਦਾਖਲ ਹੋ ਕੇ ਚੀਜ਼ਾਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ। ਕਾਰਜਕਾਰੀ ਇੰਸਪੈਕਟਰ ਨਿੱਕ ਸਾਲਟਰ ਨੇ ਦੱਸਿਆ ਕਿ ਚੋਰ ਨੂੰ ਚੋਰੀ ਹੋਈ ਗੱਡੀ ਵਿੱਚ ਜਾਇਦਾਦ ਤੋਂ ਭੱਜਦੇ ਹੋਏ ਦੇਖਿਆ ਗਿਆ, ਪਰ ਕੁਝ ਹੀ ਸਮੇਂ ਬਾਅਦ ਗੱਡੀ ਚਿੱਕੜ ਵਿੱਚ ਫਸ ਗਈ।
ਗੱਡੀ ਛੱਡ ਕੇ ਉਹ ਵਿਅਕਤੀ ਪੈਦਲ ਹੀ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਉਸ ਨੇ ਕਥਿਤ ਤੌਰ ‘ਤੇ ਨੇੜਲੀ ਇੱਕ ਹੋਰ ਜਾਇਦਾਦ ਤੋਂ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਮੌਜੂਦ ਕਰਮਚਾਰੀਆਂ ਨੇ ਉਸਨੂੰ ਚੁਣੌਤੀ ਦੇ ਦਿੱਤੀ। ਪੁਲਿਸ ਅਨੁਸਾਰ, ਉਹ ਇੱਕ ਵੈਨ ਅਤੇ ਕਵਾਡ ਬਾਈਕ ਚੋਰੀ ਕਰਨ ਵਿੱਚ ਵੀ ਅਸਫਲ ਰਿਹਾ ਅਤੇ ਵੱਖ-ਵੱਖ ਔਜ਼ਾਰਾਂ ਸਮੇਤ ਪੈਦਲ ਭੱਜ ਗਿਆ।
ਪੁਲਿਸ ਵੱਲੋਂ ਤੁਰੰਤ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਕੁਝ ਸਮੇਂ ਬਾਅਦ ਉਸ ਵਿਅਕਤੀ ਨੂੰ ਓਸੇ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਉਸ ‘ਤੇ ਚੋਰੀ ਕਰਨ ਅਤੇ ਭੰਗ (ਕੈਨੇਬਿਸ) ਰੱਖਣ ਦੇ ਦੋਸ਼ ਲਗਾਏ ਗਏ ਹਨ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਅੱਜ ਵੈਟਾਕੇਰੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
Related posts
- Comments
- Facebook comments
