ਆਕਲੈਂਡ (ਐੱਨ ਜੈੱਡ ਤਸਵੀਰ) ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਵਿਵਾਦਿਤ ਫੈਸਲੇ ਇਕ ਵਾਰ ਫਿਰ ਚਰਚਾ ਦਾ ਕੇਂਦਰ ਬਣ ਗਏ ਹਨ। ਇਸ ਵਾਰ ਮਾਮਲਾ ਨੇਲਸਨ ਵਿੱਚ ਕੰਮ ਕਰ ਰਹੇ ਭਾਰਤੀ ਮੂਲ ਦੇ ਨਰਸ ਨਿਤਿਨ ਮਨਕੀਲ ਦੇ ਪੰਜ ਸਾਲਾ ਪੁੱਤਰ ਆਇਧਨ ਨਿਥਿਨ ਨਾਲ ਜੁੜਿਆ ਹੈ, ਜਿਸ ਨੂੰ ਡਿਪੋਰਟ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਇਮੀਗ੍ਰੇਸ਼ਨ ਵਿਭਾਗ ਨੇ ਬੱਚੇ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਕਹਿੰਦੇ ਹੋਏ ਕਿ ਉਸ ਦੀ ਸਿਹਤ ਅਤੇ ਸਿੱਖਿਆ ਸੰਬੰਧੀ ਲੋੜਾਂ ਸਰਕਾਰੀ ਸੇਵਾਵਾਂ ‘ਤੇ ਵੱਡਾ ਵਿੱਤੀ ਬੋਝ ਪਾ ਸਕਦੀਆਂ ਹਨ।
ਨਿਤਿਨ ਮਨਕੀਲ ਜਨਵਰੀ 2024 ਵਿੱਚ ਭਾਰਤ ਤੋਂ ਨਿਊਜ਼ੀਲੈਂਡ ਆਇਆ ਸੀ ਅਤੇ ਨੇਲਸਨ ਵਿੱਚ ਐਲਡਰ ਕੇਅਰ ਨਰਸ ਵਜੋਂ ਸੇਵਾ ਨਿਭਾ ਰਿਹਾ ਹੈ। ਉਸਦੀ ਨੌਕਰੀ ਸਰਕਾਰ ਦੀ ਗ੍ਰੀਨ ਲਿਸਟ (ਟੀਅਰ-1) ਵਿੱਚ ਸ਼ਾਮਲ ਹੈ, ਜੋ ਕਿ ਦੇਸ਼ ਲਈ ਬਹੁਤ ਜ਼ਰੂਰੀ ਸੇਵਾ ਮੰਨੀ ਜਾਂਦੀ ਹੈ। ਕੁਝ ਸਮੇਂ ਬਾਅਦ ਉਸਦੀ ਪਤਨੀ ਅਪਰਨਾ ਜਯਾਨੰਦਨ ਗੀਤਾ ਅਤੇ ਪੁੱਤਰ ਆਇਧਨ ਵੀ ਨਿਊਜ਼ੀਲੈਂਡ ਆ ਗਏ ਸਨ।
ਰਿਪੋਰਟਾਂ ਮੁਤਾਬਕ, ਵੀਜ਼ਾ ਪ੍ਰਕਿਰਿਆ ਦੌਰਾਨ ਬੱਚੇ ਦੀ ਬੋਲਚਾਲ ਅਤੇ ਵਿਕਾਸ ਸੰਬੰਧੀ ਜਾਂਚ ਕੀਤੀ ਗਈ। ਡਾਕਟਰੀ ਮੁਆਇਨੇ ਤੋਂ ਬਾਅਦ ਆਇਧਨ ਨੂੰ ਆਟੀਜ਼ਮ ਸਪੈਕਟ੍ਰਮ ਡਿਸਆਰਡਰ ਅਤੇ ਗਲੋਬਲ ਡਿਵੈਲਪਮੈਂਟਲ ਡਿਲੇਅ ਨਾਲ ਪੀੜਤ ਦੱਸਿਆ ਗਿਆ। ਇਸ ਆਧਾਰ ‘ਤੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਉਸਦੀ ਵੀਜ਼ਾ ਅਰਜ਼ੀ ਰੱਦ ਕਰ ਦਿੱਤੀ।
ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਮਾਪਿਆਂ ਨੂੰ ਆਪਣਾ ਰਿਹਾਇਸ਼ੀ ਵੀਜ਼ਾ ਬਚਾਉਣ ਲਈ ਬੱਚੇ ਦਾ ਨਾਮ ਅਰਜ਼ੀ ਵਿਚੋਂ ਹਟਾਉਣਾ ਪਿਆ। ਨਤੀਜੇ ਵਜੋਂ ਨਿਤਿਨ ਅਤੇ ਉਸਦੀ ਪਤਨੀ ਨੂੰ ਤਾਂ ਰਿਹਾਇਸ਼ ਮਿਲ ਗਈ, ਪਰ ਆਇਧਨ ਲਈ ਦਿੱਤੀ ਗਈ ਨਵੀਂ ਵੀਜ਼ਾ ਅਰਜ਼ੀ ਵੀ ਜੁਲਾਈ ਮਹੀਨੇ ਵਿੱਚ ਖਾਰਜ ਹੋ ਗਈ।
ਇਸ ਸਮੇਂ ਆਇਧਨ ਨਿਊਜ਼ੀਲੈਂਡ ਵਿੱਚ ਕਾਨੂੰਨੀ ਤੌਰ ‘ਤੇ ਅਣਸ਼ਚਿਤ ਸਥਿਤੀ ਵਿੱਚ ਹੈ ਅਤੇ ਉਸਨੂੰ ਕਿਸੇ ਵੀ ਵੇਲੇ ਡਿਪੋਰਟ ਕੀਤਾ ਜਾ ਸਕਦਾ ਹੈ। ਇਸ ਮਾਮਲੇ ਨੇ ਮਨੁੱਖੀ ਹੱਕਾਂ, ਪਰਿਵਾਰਕ ਇਕੱਠ ਅਤੇ ਇਮੀਗ੍ਰੇਸ਼ਨ ਨੀਤੀਆਂ ਦੀ ਸੰਵੇਦਨਸ਼ੀਲਤਾ ਬਾਰੇ ਨਵੇਂ ਸਵਾਲ ਖੜੇ ਕਰ ਦਿੱਤੇ ਹਨ।
Related posts
- Comments
- Facebook comments
