Auckland / Papatoetoe: (NZ TASVEER) Ōtara-Papatoetoe Local Board ਦੀ Papatoetoe subdivision ਤੋਂ ਅਕਤੂਬਰ 2025 ਵਿੱਚ ਚੁਣੇ ਗਏ ਚਾਰ ਉਮੀਦਵਾਰਾਂ ਦੀ ਜਿੱਤ ਨੂੰ District Court ਵੱਲੋਂ ਰੱਦ ਕਰਨ ਤੋਂ ਬਾਅਦ ਇਹ ਮਾਮਲਾ ਹੁਣ High Court ਤੱਕ ਪਹੁੰਚ ਗਿਆ ਹੈ। Papatoetoe Ōtara Action Team ਨੇ District Court ਦੇ ਫੈਸਲੇ ਖ਼ਿਲਾਫ਼ judicial review ਦੀ ਅਰਜ਼ੀ ਦਾਖ਼ਲ ਕਰਦਿਆਂ ਉਸਦੀ ਕਾਨੂੰਨੀ ਅਤੇ ਤੱਥਕ ਬੁਨਿਆਦ ‘ਤੇ ਸਵਾਲ ਉਠਾਏ ਹਨ।
ਨਵੰਬਰ ਵਿੱਚ Manukau District Court ਵਿੱਚ ਹੋਈ ਪ੍ਰਾਰੰਭਿਕ ਸੁਣਵਾਈ ਦੌਰਾਨ ਜੱਜ ਰਿਚਰਡ ਮੈਕਇਲਰੇਥ ਨੇ ਹੁਕਮ ਦਿੱਤਾ ਸੀ ਕਿ ਪੰਜ ਬੈਲਟ ਬਾਕਸ, ਜੋ Auckland District Court ਵਿੱਚ ਰੱਖੇ ਗਏ ਸਨ, ਉਨ੍ਹਾਂ ਨੂੰ Manukau ਲਿਆਂਦਾ ਜਾਵੇ। ਇਹ ਬੈਲਟ ਬਾਕਸ ਜੱਜ ਦੀ ਮੌਜੂਦਗੀ ਵਿੱਚ ਜਾਂਚੇ ਗਏ, ਜਿਸ ਵਿੱਚ ਪਟੀਸ਼ਨਰ ਅਤੇ ਸਾਬਕਾ Local Board ਮੈਂਬਰ Lehopoaome Vi Hausia ਦੇ ਵਕੀਲ ਅਤੇ Auckland Council ਦੇ ਸੁਤੰਤਰ ਚੋਣ ਅਧਿਕਾਰੀ Dale Ofsoske ਵੀ ਹਾਜ਼ਰ ਸਨ।
ਜਾਂਚ ਦੌਰਾਨ 79 ਵੋਟਿੰਗ ਪੇਪਰ ਅਜਿਹੇ ਪਾਏ ਗਏ ਜੋ ਅਸਲੀ ਵੋਟਰ ਦੀ ਜਾਣਕਾਰੀ ਜਾਂ ਮਨਜ਼ੂਰੀ ਤੋਂ ਬਿਨਾਂ ਪਾਏ ਗਏ ਸਨ। ਦਸੰਬਰ ਦੀ ਸੁਣਵਾਈ ਦੌਰਾਨ Ofsoske ਦੇ ਕਾਨੂੰਨੀ ਵਕੀਲ ਨੇ ਮੰਨਿਆ ਕਿ ਕੁਝ ਬੈਲਟ ਪੇਪਰਾਂ ਵਿੱਚ ਗੜਬੜੀਆਂ ਹੋਈਆਂ ਹਨ। ਇਸ ਆਧਾਰ ‘ਤੇ District Court ਨੇ ਪੂਰੀ ਚੋਣ ਨੂੰ ਰੱਦ ਕਰ ਦਿੱਤਾ।
ਅਦਾਲਤ ਨੇ ਆਪਣੇ ਫੈਸਲੇ ਵਿੱਚ ਇਹ ਵੀ ਨੋਟ ਕੀਤਾ ਕਿ Papatoetoe Auckland ਦਾ ਇਕਲੌਤਾ ਇਲਾਕਾ ਸੀ ਜਿੱਥੇ ਹਾਲੀਆ ਸਥਾਨਕ ਚੋਣਾਂ ਦੌਰਾਨ ਵੋਟਿੰਗ ਦਰ ਵਿੱਚ 7 ਫੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਗਿਆ, ਜਦਕਿ ਹੋਰ ਇਲਾਕਿਆਂ ਵਿੱਚ ਵੋਟਿੰਗ ਘਟੀ। ਇਸ ਚੋਣ ਵਿੱਚ Papatoetoe subdivision ਦੀਆਂ ਸਾਰੀਆਂ ਚਾਰ ਸੀਟਾਂ ਪਹਿਲੀ ਵਾਰ ਚੋਣ ਲੜ ਰਹੇ Papatoetoe Ōtara Action Team ਦੇ ਉਮੀਦਵਾਰਾਂ ਨੇ ਜਿੱਤੀਆਂ ਅਤੇ ਇਸ subdivision ਦੇ ਕੋਈ ਵੀ ਪੁਰਾਣੇ ਮੈਂਬਰ ਮੁੜ ਚੁਣੇ ਨਹੀਂ ਗਏ।
ਜੱਜ McIlraith ਨੇ ਆਪਣੀ ਟਿੱਪਣੀ ਵਿੱਚ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਸਾਹਮਣੇ ਆਈਆਂ 79 ਗਲਤ ਵੋਟਾਂ ਸੰਭਵ ਤੌਰ ‘ਤੇ “ਬਰਫ਼ ਦੇ ਪਹਾੜ ਦੀ ਚੋਟੀ” ਹੋ ਸਕਦੀਆਂ ਹਨ ਅਤੇ ਅਸਲ ਪੱਧਰ ਇਸ ਤੋਂ ਕਾਫੀ ਵੱਡਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸੰਭਾਵਨਾ ਵੀ ਹੈ ਕਿ ਇਹ ਵੋਟਾਂ Action Team ਦੇ ਉਮੀਦਵਾਰਾਂ ਦੇ ਹੱਕ ਵਿੱਚ ਪਾਈਆਂ ਗਈਆਂ ਹੋਣ ਅਤੇ ਇਸ ਕਾਰਨ ਪਟੀਸ਼ਨਰ Lehopoaome Vi Hausia ਸਮੇਤ ਹੋਰ ਉਮੀਦਵਾਰਾਂ ਦੀ ਹਾਰ ਦਾ ਅੰਤਰ ਮਿਟ ਸਕਦਾ ਸੀ।
ਇਸ ਦੌਰਾਨ ਚੋਣੀ ਵਿਵਾਦ ਨੂੰ ਲੈ ਕੇ ਸਥਾਨਕ ਪੱਧਰ ‘ਤੇ ਚਿੰਤਾ ਹੋਰ ਵਧ ਗਈ ਹੈ। ਅਖ਼ਬਾਰ ਨਾਲ ਗੱਲਬਾਤ ਕਰਦਿਆਂ ਕੁਝ ਨਿਵਾਸੀਆਂ ਨੇ ਆਪਣਾ ਨਾਮ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਉਨ੍ਹਾਂ ਨੇ ਵੋਟਾਂ ਦੀ ਚੋਰੀ ਅਤੇ ਗਲਤ ਵਰਤੋਂ ਨਾਲ ਜੁੜੀਆਂ ਘਟਨਾਵਾਂ ਖੁਦ ਵੀ ਦੇਖੀਆਂ ਹਨ। ਇੱਕ ਵੋਟਰ ਨੇ ਦਾਅਵਾ ਕੀਤਾ ਕਿ ਉਸਦੀ ਡਾਕ ਰਾਹੀਂ ਆਈ ਵੋਟ ਉਸਦੇ ਲੇਟਰ ਬਾਕਸ ਵਿੱਚੋਂ ਗਾਇਬ ਹੋ ਗਈ ਸੀ ਅਤੇ ਜਦੋਂ ਉਸਨੇ Election Commission ਨਾਲ ਸੰਪਰਕ ਕੀਤਾ, ਤਾਂ ਉੱਥੋਂ ਦੱਸਿਆ ਗਿਆ ਕਿ ਉਸਦੀ ਵੋਟ ਪਹਿਲਾਂ ਹੀ ਪਾਈ ਜਾ ਚੁੱਕੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ Election Commission ਵੱਲੋਂ ਪੁਲਿਸ ਕੋਲ ਅਧਿਕਾਰਕ ਸ਼ਿਕਾਇਤ ਭੇਜੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਇਸਦੇ ਨਾਲ ਹੀ, ਇਲਾਕੇ ਵਿੱਚ ਇਹ ਗੱਲ ਵੀ ਚਰਚਾ ਵਿੱਚ ਰਹੀ ਕਿ ਕੁਝ ਧਾਰਮਿਕ ਸਥਾਨਾਂ ‘ਤੇ ਜਾਤੀ ਜਾਂ ਸਮੁਦਾਇਕ ਪ੍ਰਭਾਵ ਦੇ ਅਧਾਰ ‘ਤੇ ਵੋਟਾਂ ਪਵਾਉਣ ਜਾਂ ਇਕੱਠੀਆਂ ਕਰਨ ਦੇ ਦੋਸ਼ ਲੱਗੇ ਹਨ। ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਜਾਂਚ ਸੰਬੰਧਤ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ।
Papatoetoe Ōtara Action Team ਦੇ ਨੁਮਾਇੰਦੇ Kunal Bhalla ਨੇ ਕਿਹਾ ਕਿਨੇ ਕਿਹਾ ਕਿ District Court ਦੇ ਫੈਸਲੇ ਖ਼ਿਲਾਫ਼ High Court ਵਿੱਚ judicial review ਦਾਖ਼ਲ ਕਰਨ ਦਾ ਮਕਸਦ ਸਿਰਫ਼ ਇਸ ਮਾਮਲੇ ਦੀ ਨਹੀਂ, ਸਗੋਂ ਭਵਿੱਖ ਦੀਆਂ ਚੋਣੀ ਪ੍ਰਕਿਰਿਆਵਾਂ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਜੇ ਮਾਰਚ ਵਿੱਚ by-election ਅੱਗੇ ਵਧਦੀ ਹੈ ਤਾਂ ਟੀਮ ਦੇ ਸਾਰੇ ਚਾਰ ਮੈਂਬਰ ਦੁਬਾਰਾ ਚੋਣ ਲੜਨਗੇ। “ਅਸੀਂ ਚਾਹੁੰਦੇ ਹਾਂ ਕਿ Papatoetoe ਦੇ ਲੋਕਾਂ ਨੂੰ ਖੁੱਲ੍ਹੇ ਅਤੇ ਨਿਆਂਯੁਕਤ ਢੰਗ ਨਾਲ ਆਪਣਾ ਫੈਸਲਾ ਕਰਨ ਦਾ ਮੌਕਾ ਮਿਲੇ,”।
ਦੂਜੇ ਪਾਸੇ, ਸਾਬਕਾ Local Board ਡਿਪਟੀ ਚੇਅਰ Lehopoaome Vi Hausia ਨੇ Action Team ਦੇ High Court ਜਾਣ ਦੇ ਅਧਿਕਾਰ ਦਾ ਸਤਿਕਾਰ ਕਰਦਿਆਂ ਕਿਹਾ ਕਿ ਇਹ ਲੋਕਤੰਤਰਿਕ ਪ੍ਰਣਾਲੀ ਦਾ ਹਿੱਸਾ ਹੈ। ਹਾਲਾਂਕਿ, ਉਨ੍ਹਾਂ ਦਾਅਵਾ ਕੀਤਾ ਕਿ Action Team ਵੱਲੋਂ ਉਠਾਏ ਗਏ ਸਾਰੇ ਮੁੱਦੇ District Court ਵਿੱਚ ਪਹਿਲਾਂ ਹੀ ਵਿਸਥਾਰ ਨਾਲ ਵਿਚਾਰੇ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ।
ਉੱਧਰ Auckland Council ਦੀ governance ਅਤੇ engagement ਦੀ ਜਨਰਲ ਮੈਨੇਜਰ Lou-Ann Ballantyne ਨੇ ਕਿਹਾ ਕਿ ਕੌਂਸਲ ਨੂੰ ਚੱਲ ਰਹੀ ਕਾਨੂੰਨੀ ਕਾਰਵਾਈ ਦੀ ਪੂਰੀ ਜਾਣਕਾਰੀ ਹੈ, ਪਰ ਕਾਨੂੰਨ ਮੁਤਾਬਕ ਮਾਰਚ ਵਿੱਚ ਹੋਣ ਵਾਲੀ by-election ਦੀ ਤਿਆਰੀ ਜਾਰੀ ਰੱਖਣੀ ਲਾਜ਼ਮੀ ਹੈ।
Related posts
- Comments
- Facebook comments
