ਆਕਲੈਂਡ (ਐੱਨ ਜੈੱਡ ਤਸਵੀਰ) ਟੌਰੰਗਾ ਦੇ ਵੈਲਕਮ ਬੇ ਇਲਾਕੇ ਵਿੱਚ ਹੋਈ ਇੱਕ ਪਾਰਟੀ ਦੌਰਾਨ ਵਾਪਰੇ ਹਾਦਸੇ ਵਿੱਚ 14 ਸਾਲ ਦੀ ਲੜਕੀ ਕਾਰ ਦੀ ਟੱਕਰ ਨਾਲ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਈ, ਜਿਸਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਹਾਦਸੇ ਨਾਲ ਸਬੰਧਿਤ ਡਰਾਈਵਰ ਨੂੰ ਗਿਰਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਇਹ ਘਟਨਾ ਸ਼ਨੀਵਾਰ ਰਾਤ ਕਰੀਬ 11:30 ਵਜੇ ਕੈਟੇਮਾਕੋ ਰੋਡ, ਵੈਲਕਮ ਬੇ ‘ਤੇ ਵਾਪਰੀ, ਜਿੱਥੇ ਇੱਕ ਘਰ ਵਿੱਚ ਨੌਜਵਾਨਾਂ ਦੀ ਵੱਡੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਇੱਕ ਕਾਰ ਨੇ ਲੜਕੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਈ।
ਜ਼ਖ਼ਮੀ ਲੜਕੀ ਨੂੰ ਤੁਰੰਤ ਐਂਬੂਲੈਂਸ ਰਾਹੀਂ ਟੌਰੰਗਾ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਬਾਅਦ ਵਿੱਚ ਉਸਨੂੰ ਆਕਲੈਂਡ ਦੇ ਸਟਾਰਸ਼ਿਪ ਚਿਲਡਰਨਜ਼ ਹਸਪਤਾਲ ਵੱਲ ਭੇਜ ਦਿੱਤਾ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਘਟਨਾ ਸਮੇਂ ਮੌਕੇ ‘ਤੇ ਭੀੜ ਕਾਫ਼ੀ ਬੇਕਾਬੂ ਸੀ ਅਤੇ ਕੁਝ ਲੋਕਾਂ ਵੱਲੋਂ ਐਮਰਜੈਂਸੀ ਸੇਵਾਵਾਂ ਦੇ ਕਰਮਚਾਰੀਆਂ ਨਾਲ ਬਦਸਲੂਕੀ ਵੀ ਕੀਤੀ ਗਈ, ਜਿਸ ਕਾਰਨ ਬਚਾਅ ਕਾਰਵਾਈ ਵਿੱਚ ਰੁਕਾਵਟ ਪੈਦਾ ਹੋਈ।
ਪੁਲਿਸ ਵੱਲੋਂ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਡਰਾਈਵਰ ‘ਤੇ ਅਧਿਕਾਰਿਕ ਦੋਸ਼ ਲਗਾਏ ਜਾਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਮਾਪਿਆਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਪਾਰਟੀਆਂ ਦੌਰਾਨ ਸੁਰੱਖਿਆ ਅਤੇ ਕਾਨੂੰਨ ਦੀ ਪਾਲਣਾ ਕੀਤੀ ਜਾਵੇ, ਤਾਂ ਜੋ ਅਜਿਹੇ ਦੁਖਦਾਈ ਹਾਦਸਿਆਂ ਤੋਂ ਬਚਿਆ ਜਾ ਸਕੇ।
Related posts
- Comments
- Facebook comments
