ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਕੈਂਟਰਬਰੀ ਇਲਾਕੇ ਵਿੱਚ ਤਪਦੀ ਗਰਮੀ ਅਤੇ ਸੁੱਕੇ ਮੌਸਮ ਕਾਰਨ ਇੱਕ ਵੱਡੀ ਬੂਸ਼ ਅੱਗ ਨੇ ਭਿਆਨਕ ਰੂਪ ਧਾਰ ਲਿਆ ਹੈ। ਰੋਥਰਹੈਮ ਨੇੜੇ ਲੱਗੀ ਇਸ ਅੱਗ ਨੇ ਕਰੀਬ 100 ਹੈਕਟਰ ਤੋਂ ਵੱਧ ਖੇਤਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਜਦਕਿ ਇੱਕ ਸ਼ੈੱਡ ਪੂਰੀ ਤਰ੍ਹਾਂ ਸੜ ਕੇ ਖ਼ਾਕ ਹੋ ਗਿਆ।
ਅੱਗ ਬੁਝਾਉਣ ਲਈ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਵੱਲੋਂ ਜ਼ਮੀਨੀ ਟੀਮਾਂ ਦੇ ਨਾਲ-ਨਾਲ ਹੈਲੀਕਾਪਟਰ ਵੀ ਤਾਇਨਾਤ ਕੀਤੇ ਗਏ ਹਨ। ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਰਾਤ ਭਰ ਜਾਰੀ ਰਹੀ। ਇਸ ਦੌਰਾਨ ਇੱਕ ਫਾਇਰਫਾਈਟਰ ਨੂੰ ਗਰਮੀ ਕਾਰਨ ਤਬੀਅਤ ਖ਼ਰਾਬ ਹੋਣ ‘ਤੇ ਕ੍ਰਾਈਸਟਚਰਚ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਸ ਦੀ ਹਾਲਤ ਹੁਣ ਥਿਰ ਦੱਸੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਉੱਚ ਤਾਪਮਾਨ, ਸੁੱਕੀ ਜ਼ਮੀਨ ਅਤੇ ਹਵਾ ਕਾਰਨ ਅੱਗ ਤੇਜ਼ੀ ਨਾਲ ਫੈਲੀ। ਇਸਦੇ ਮੱਦੇਨਜ਼ਰ ਕੈਂਟਰਬਰੀ ਖੇਤਰ ਵਿੱਚ ਅੱਗ ਨਾਲ ਸਬੰਧਤ ਸਾਰੇ ਪਰਮਿਟ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਅੱਗ ਬਾਰੇ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਅਧਿਕਾਰੀਆਂ ਅਨੁਸਾਰ ਅੱਗ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਸਥਿਤੀ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
Related posts
- Comments
- Facebook comments
