ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ — ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਬੈਂਕ ANZ ਨੇ ਘਰੇਲੂ ਕਰਜ਼ਾ ਲੈਣ ਵਾਲਿਆਂ ਨੂੰ ਝਟਕਾ ਦਿੰਦਿਆਂ ਕੁਝ ਹੋਮ ਲੋਨ ਬਿਆਜ ਦਰਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਖ਼ਾਸ ਕਰਕੇ ਫਲੋਟਿੰਗ ਅਤੇ ਫਲੈਕਸੀਬਲ ਲੋਨ ਰੱਖਣ ਵਾਲੇ ਗ੍ਰਾਹਕ ਪ੍ਰਭਾਵਿਤ ਹੋਣਗੇ।
ਬੈਂਕ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ, ਫਲੋਟਿੰਗ ਹੋਮ ਲੋਨ ਦਰ 10 ਬੇਸਿਸ ਪੌਇੰਟ ਵਧਾ ਕੇ 5.79 ਫੀਸਦੀ ਅਤੇ ਫਲੈਕਸੀਬਲ ਹੋਮ ਲੋਨ ਦਰ 5.90 ਫੀਸਦੀ ਕਰ ਦਿੱਤੀ ਗਈ ਹੈ। ANZ ਦਾ ਕਹਿਣਾ ਹੈ ਕਿ ਇਹ ਤਬਦੀਲੀ ਬਾਜ਼ਾਰ ਦੀਆਂ ਮੌਜੂਦਾ ਹਾਲਾਤਾਂ ਅਤੇ ਫੰਡਿੰਗ ਲਾਗਤਾਂ ਦੇ ਅਨੁਕੂਲ ਕੀਤੀ ਗਈ ਹੈ।
ਇਹ ਵਧੀਆਂ ਹੋਈਆਂ ਦਰਾਂ ਮੌਜੂਦਾ ਗਾਹਕਾਂ ਲਈ 29 ਜਨਵਰੀ ਤੋਂ ਲਾਗੂ ਹੋਣਗੀਆਂ। ਨਵੇਂ ਗ੍ਰਾਹਕਾਂ ਲਈ ਫਲੋਟਿੰਗ ਦਰ 15 ਜਨਵਰੀ ਤੋਂ ਅਤੇ ਫਲੈਕਸੀਬਲ ਦਰ 29 ਜਨਵਰੀ ਤੋਂ ਪ੍ਰਭਾਵੀ ਹੋਵੇਗੀ।
ਬੈਂਕ ਦੇ ਬੁਲਾਰੇ ਨੇ ਕਿਹਾ ਹੈ ਕਿ ANZ ਮੁਕਾਬਲੇਯੋਗ ਦਰਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਆਰਥਿਕ ਹਾਲਾਤਾਂ ਦੇ ਅਨੁਸਾਰ ਬਿਆਜ ਦਰਾਂ ਦੀ ਨਿਰੰਤਰ ਸਮੀਖਿਆ ਕੀਤੀ ਜਾਂਦੀ ਰਹੇਗੀ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਧੇ ਨਾਲ ਉਹ ਘਰ ਮਾਲਕ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਜੋ ਫਿਕਸਡ ਦੀ ਬਜਾਏ ਫਲੋਟਿੰਗ ਦਰਾਂ ‘ਤੇ ਹਨ, ਕਿਉਂਕਿ ਉਨ੍ਹਾਂ ਦੀਆਂ ਮਹੀਨਾਵਾਰ ਕਿਸ਼ਤਾਂ ਵਿੱਚ ਤੁਰੰਤ ਵਾਧਾ ਹੋ ਸਕਦਾ ਹੈ। ਇਹ ਫੈਸਲਾ ਉਸ ਵੇਲੇ ਆਇਆ ਹੈ ਜਦੋਂ ਮਹਿੰਗਾਈ, ਰਹਿਣ-ਸਹਿਣ ਦੇ ਖ਼ਰਚੇ ਅਤੇ ਕਰਜ਼ਿਆਂ ਦਾ ਦਬਾਅ ਪਹਿਲਾਂ ਹੀ ਆਮ ਲੋਕਾਂ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।
ਆਰਥਿਕ ਵਿਸ਼ਲੇਸ਼ਕਾਂ ਅਨੁਸਾਰ, ਆਉਣ ਵਾਲੇ ਮਹੀਨਿਆਂ ਵਿੱਚ ਹੋਰ ਬੈਂਕਾਂ ਵੱਲੋਂ ਵੀ ਬਿਆਜ ਦਰਾਂ ਦੀ ਸਮੀਖਿਆ ਕੀਤੀ ਜਾ ਸਕਦੀ ਹੈ, ਜਿਸ ਨਾਲ ਹੋਮ ਲੋਨ ਮਾਰਕੀਟ ‘ਚ ਹੋਰ ਹਲਚਲ ਆਉਣ ਦੀ ਸੰਭਾਵਨਾ ਹੈ।
Related posts
- Comments
- Facebook comments
