ਆਕਲੈਂਡ (ਐੱਨ ਜੈੱਡ ਤਸਵੀਰ)ਨਿਊਜ਼ੀਲੈਂਡ ਦੇ ਨੇਪੀਅਰ ਸ਼ਹਿਰ ਵਿੱਚ ਕਿਰਾਏ ਦੇ ਇੱਕ ਪੁਰਾਣੇ ਘਰ ਵਿੱਚ ਰਹਿ ਰਹੇ ਨਵਜਾਤ ਬੱਚੇ ਦੇ ਸੀਸੇ (Lead) ਨਾਲ ਸੰਪਰਕ ‘ਚ ਆਉਣ ਦੇ ਮਾਮਲੇ ਨੂੰ ਗੰਭੀਰ ਮੰਨਦਿਆਂ ਟੈਨੈਂਸੀ ਟ੍ਰਿਬਿਊਨਲ ਨੇ ਮਕਾਨ ਮਾਲਕ ਨੂੰ ਪਰਿਵਾਰ ਨੂੰ ਲਗਭਗ $19,700 ਨਿਊਜ਼ੀਲੈਂਡ ਡਾਲਰ ਮੁਆਵਜ਼ਾ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ।
RNZ News ਮੁਤਾਬਕ, ਇਹ ਮਾਮਲਾ ਇੱਕ ਆਧਾ ਸਾਲ ਦੇ ਬੱਚੇ ਨਾਲ ਜੁੜਿਆ ਹੈ, ਜਿਸਦੇ ਖੂਨ ਦੀ ਜਾਂਚ ਦੌਰਾਨ ਸੀਸੇ ਦੀ ਮਾਤਰਾ ਪਾਈ ਗਈ। ਜਾਂਚ ‘ਚ ਸਾਹਮਣੇ ਆਇਆ ਕਿ ਇਹ ਸੀਸਾ ਘਰ ਦੀ ਪੁਰਾਣੀ ਅਤੇ ਖਰਾਬ ਹੋ ਰਹੀ ਪੇਂਟ ਤੋਂ ਨਿਕਲ ਰਿਹਾ ਸੀ। ਘਰ ਲਗਭਗ 1900 ਦੇ ਦਹਾਕੇ ‘ਚ ਬਣਿਆ ਹੋਇਆ ਸੀ।
ਟ੍ਰਿਬਿਊਨਲ ਨੇ ਆਪਣੇ ਫੈਸਲੇ ‘ਚ ਕਿਹਾ ਕਿ ਬੱਚਿਆਂ ਲਈ ਸੀਸੇ ਦਾ ਕੋਈ ਵੀ ਪੱਧਰ ਸੁਰੱਖਿਅਤ ਨਹੀਂ ਹੁੰਦਾ ਅਤੇ ਇਹ ਉਨ੍ਹਾਂ ਦੀ ਸਿਹਤ, ਦਿਮਾਗੀ ਵਿਕਾਸ ਅਤੇ ਭਵਿੱਖ ‘ਤੇ ਲੰਬੇ ਸਮੇਂ ਤੱਕ ਨਕਾਰਾਤਮਕ ਅਸਰ ਪਾ ਸਕਦਾ ਹੈ। ਮੈਡੀਕਲ ਰਿਪੋਰਟਾਂ ਅਨੁਸਾਰ ਬੱਚੇ ਵਿੱਚ ਆਇਰਨ ਦੀ ਘਾਟ ਅਤੇ ਵਿੱਟਾਮਿਨ-ਡੀ ਦੀ ਕਮੀ ਵੀ ਦਰਜ ਕੀਤੀ ਗਈ।
ਟੈਨੈਂਸੀ ਟ੍ਰਿਬਿਊਨਲ ਵੱਲੋਂ ਦਿੱਤੇ ਮੁਆਵਜ਼ੇ ਵਿੱਚ:
• $15,000 ਆਮ ਹਾਨੀ (General damages) ਸਿਹਤ ਖਤਰੇ ਅਤੇ ਮਾਨਸਿਕ ਪੀੜਾ ਲਈ
• $4,200 ‘Quiet enjoyment’ ਦੀ ਉਲੰਘਣਾ ਲਈ
• $500 ਘਰ ਬਦਲਣ ਦੇ ਖਰਚ
• $27 ਟ੍ਰਿਬਿਊਨਲ ਫੀਸ
ਸ਼ਾਮਲ ਹਨ।
ਟ੍ਰਿਬਿਊਨਲ ਨੇ ਮਕਾਨ ਮਾਲਕ ਦੀ ਇਸ ਗੱਲ ਲਈ ਆਲੋਚਨਾ ਕੀਤੀ ਕਿ ਘਰ ਨੂੰ ਕਿਰਾਏ ‘ਤੇ ਦੇਣ ਤੋਂ ਪਹਿਲਾਂ ਸੁਰੱਖਿਆ ਮਾਪਦੰਡਾਂ ਦੀ ਪੂਰੀ ਜਾਂਚ ਨਹੀਂ ਕੀਤੀ ਗਈ, ਜਿਸ ਨਾਲ ਨਵਜਾਤ ਬੱਚੇ ਦੀ ਸਿਹਤ ਖਤਰੇ ‘ਚ ਪੈ ਗਈ।
ਇਹ ਫੈਸਲਾ ਕਿਰਾਏ ਦੇ ਘਰਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਮਹੱਤਵਪੂਰਨ ਨਜ਼ੀਰ ਮੰਨੀ ਜਾ ਰਹੀ ਹੈ ਅਤੇ ਮਕਾਨ ਮਾਲਕਾਂ ਲਈ ਸਪਸ਼ਟ ਚੇਤਾਵਨੀ ਹੈ ਕਿ ਪੁਰਾਣੀਆਂ ਜਾਇਦਾਦਾਂ ਵਿੱਚ ਰਹਿਣ ਵਾਲੇ ਖਾਸ ਕਰਕੇ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Related posts
- Comments
- Facebook comments
