ਹਾਰਬਰ ਬ੍ਰਿਜ਼ ਵੱਲ ਕੂਚ ਨਾਕਾਮ, CBD ਦੀਆਂ ਸੜਕਾਂ ਆਵਾਜਾਈ ਲਈ ਰਹੀਆਂ ਖੁੱਲ੍ਹੀਆਂ
ਆਕਲੈਂਡ(ਐੱਨ ਜੈੱਡ ਤਸਵੀਰ) ਡੈਸਟਿਨੀ ਚਰਚ ਦੇ ਨੇਤਾ ਬ੍ਰਾਇਨ ਤਮਾਕੀ ਵੱਲੋਂ ਆਯੋਜਿਤ ਕੀਤਾ ਗਿਆ ਪ੍ਰਦਰਸ਼ਨ ਸ਼ਨੀਵਾਰ ਨੂੰ ਪੁਲਿਸ ਦੀ ਸਖ਼ਤ ਕਾਰਵਾਈ ਕਾਰਨ ਫੇਲ੍ਹ ਹੋ ਗਿਆ। ਕੇਂਦਰੀ ਆਕਲੈਂਡ ਵਿੱਚ ਦੋ ਯੋਜਨਾਬੱਧ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪੁਲਿਸ ਨੇ ਵੱਡਾ ਆਪ੍ਰੇਸ਼ਨ ਚਲਾਉਂਦਿਆਂ ਪ੍ਰਦਰਸ਼ਨਕਾਰੀਆਂ ਨੂੰ ਆਕਲੈਂਡ ਹਾਰਬਰ ਬ੍ਰਿਜ਼ ’ਤੇ ਚੜ੍ਹਣ ਤੋਂ ਰੋਕ ਦਿੱਤਾ।
ਪੁਲਿਸ ਅਨੁਸਾਰ, ਡੈਸਟਿਨੀ ਚਰਚ ਨਾਲ ਜੁੜੀ ਫ੍ਰੀਡਮ ਐਂਡ ਰਾਈਟਸ ਕੋਅਲਿਸ਼ਨ ਦੀ ਰੈਲੀ ਤਹਿਤ ਪ੍ਰਦਰਸ਼ਨਕਾਰੀ ਪਹਿਲਾਂ ਵਿਕਟੋਰੀਆ ਪਾਰਕ ਵਿੱਚ ਇਕੱਠੇ ਹੋਏ। ਇੱਥੇ ਬ੍ਰਾਇਨ ਤਮਾਕੀ ਨੇ ਭੀੜ ਨੂੰ ਸੰਬੋਧਨ ਕੀਤਾ, ਜਿਸ ਤੋਂ ਬਾਅਦ ਲਗਭਗ 1000 ਸਮਰਥਕਾਂ ਨਾਲ ਉਹ ਫੈਨਸ਼ਾ ਸਟਰੀਟ ਦੇ ਆਨਰੈਂਪ ਰਾਹੀਂ ਹਾਰਬਰ ਬ੍ਰਿਜ਼ ਵੱਲ ਮਾਰਚ ਕਰਨ ਲਈ ਨਿਕਲੇ।
ਪਰ ਆਨਰੈਂਪ ’ਤੇ ਪਹਿਲਾਂ ਤੋਂ ਤਾਇਨਾਤ ਪੁਲਿਸ ਨੇ ਸਖ਼ਤੀ ਨਾਲ ਪ੍ਰਦਰਸ਼ਨਕਾਰੀਆਂ ਦਾ ਰਾਹ ਰੋਕ ਲਿਆ। ਕੁਝ ਸਮੇਂ ਲਈ ਪੁਲਿਸ ਅਤੇ ਭੀੜ ਦਰਮਿਆਨ ਤਣਾਅ ਦੀ ਸਥਿਤੀ ਬਣੀ ਰਹੀ, ਪਰ ਪੁਲਿਸ ਦੀ ਮੌਜੂਦਗੀ ਅਤੇ ਰੋਕਾਂ ਕਾਰਨ ਪ੍ਰਦਰਸ਼ਨਕਾਰੀ ਅੱਗੇ ਨਹੀਂ ਵਧ ਸਕੇ। ਆਖ਼ਿਰਕਾਰ ਭੀੜ ਹੌਲੀ-ਹੌਲੀ ਖਿੰਡਣੀ ਸ਼ੁਰੂ ਹੋ ਗਈ।
ਇਹ ਪ੍ਰਦਰਸ਼ਨ “ਟਰੂ ਪੈਟਰੀਅਟਸ ਆਫ ਨਿਊਜ਼ੀਲੈਂਡ” ਦੇ ਨਾਂ ਹੇਠ ਕੀਤਾ ਗਿਆ ਸੀ, ਜਿਸ ਦਾ ਮੁੱਖ ਮਕਸਦ “ਵੱਡੇ ਪੱਧਰ ਦੀ ਇਮੀਗ੍ਰੇਸ਼ਨ” ਦਾ ਵਿਰੋਧ ਕਰਨਾ ਸੀ। ਪ੍ਰਦਰਸ਼ਨਕਾਰੀਆਂ ਨੇ “Kiwis First” ਅਤੇ “Keep NZ NZ” ਦੇ ਨਾਅਰਿਆਂ ਵਾਲੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ।
ਉੱਧਰ, ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਨੌਰਥ ਸ਼ੋਰ ’ਤੇ ਓਨੇਵਾ ਰੋਡ ਨੇੜੇ ਦੱਖਣ ਵੱਲ ਜਾਣ ਵਾਲੀਆਂ ਲੇਨਾਂ ਨੂੰ ਕੁਝ ਸਮੇਂ ਲਈ ਬੰਦ ਕੀਤਾ, ਤਾਂ ਜੋ ਹੋਰ ਪੁਲਿਸ ਸਰੋਤ ਕੇਂਦਰੀ ਸ਼ਹਿਰ ਵੱਲ ਭੇਜੇ ਜਾ ਸਕਣ। ਹਾਲਾਤ ਸਧਾਰਨ ਹੋਣ ਉਪਰੰਤ ਇਹ ਲੇਨਾਂ ਮੁੜ ਆਵਾਜਾਈ ਲਈ ਖੋਲ੍ਹ ਦਿੱਤੀਆਂ ਗਈਆਂ। CBD ਦੀਆਂ ਮੁੱਖ ਸੜਕਾਂ ਸਾਰਾ ਦਿਨ ਆਮ ਟ੍ਰੈਫਿਕ ਲਈ ਖੁੱਲ੍ਹੀਆਂ ਰਹੀਆਂ।
ਪੁਲਿਸ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਸੀ ਕਿ ਹਾਰਬਰ ਬ੍ਰਿਜ਼ ’ਤੇ ਪੈਦਲ ਮਾਰਚ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਅਤੇ ਕਿਸੇ ਵੀ ਕਿਸਮ ਦੇ ਗੈਰਕਾਨੂੰਨੀ ਦਾਖਲੇ ਨੂੰ ਰੋਕਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ।
Related posts
- Comments
- Facebook comments
