ਆਕਲੈਂਡ (ਐੱਨ ਜੈੱਡ ਤਸਵੀਰ) ਇਨਵਰਕਾਰਗਿਲ ਦੇ ਫਿਓਰਡਲੈਂਡ ਖੇਤਰ ਵਿੱਚ ਕੰਮ ਕਰ ਰਹੀ ਇੱਕ ਫਿਸ਼ਿੰਗ ਚਾਰਟਰ ਕੰਪਨੀ ਨੂੰ ਗੈਰਕਾਨੂੰਨੀ ਤਰੀਕੇ ਨਾਲ ਕ੍ਰੇਫਿਸ਼ ਗਾਹਕਾਂ ਨੂੰ ਪਰੋਸਣ ਦੇ ਦੋਸ਼ ਵਿੱਚ ਅਦਾਲਤ ਵੱਲੋਂ 60 ਹਜ਼ਾਰ ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਕਾਰਵਾਈ ਮਿਨਿਸਟਰੀ ਫਾਰ ਪ੍ਰਾਇਮਰੀ ਇੰਡਸਟਰੀਜ਼ ਦੀ ਜਾਂਚ ਤੋਂ ਬਾਅਦ ਕੀਤੀ ਗਈ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਕੰਪਨੀ ਨੇ ਜਨਵਰੀ ਤੋਂ ਅਕਤੂਬਰ 2023 ਦਰਮਿਆਨ 162 ਰਿਕਰੀਏਸ਼ਨਲ ਫਿਸ਼ਿੰਗ ਚਾਰਟਰ ਯਾਤਰਾਵਾਂ ਦੌਰਾਨ ਕੁੱਲ 1,630 ਕ੍ਰੇਫਿਸ਼ ਫੜੀਆਂ ਅਤੇ ਉਨ੍ਹਾਂ ਨੂੰ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਖਾਣੇ ਵਜੋਂ ਪਰੋਸਿਆ। ਕਾਨੂੰਨ ਅਨੁਸਾਰ ਰਿਕਰੀਏਸ਼ਨਲ ਤਰੀਕੇ ਨਾਲ ਫੜੀ ਮੱਛੀ ਸਿਰਫ਼ ਉਹ ਵਿਅਕਤੀ ਖਾ ਸਕਦਾ ਹੈ ਜਿਸਨੇ ਖੁਦ ਉਹ ਮੱਛੀ ਫੜੀ ਹੋਵੇ। ਪਰ ਜਾਂਚ ਵਿੱਚ ਸਾਹਮਣੇ ਆਇਆ ਕਿ ਕ੍ਰੇਫਿਸ਼ ਉਹਨਾਂ ਗਾਹਕਾਂ ਨੂੰ ਵੀ ਦਿੱਤੀ ਗਈ ਜੋ ਖੁਦ ਮੱਛੀ ਨਹੀਂ ਫੜ ਰਹੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਕੋਲ ਨਾ ਤਾਂ ਕਮੇਰਸ਼ੀਅਲ ਫਿਸ਼ਿੰਗ ਲਾਇਸੈਂਸ ਸੀ ਅਤੇ ਨਾ ਹੀ ਉਹ ਲਾਇਸੈਂਸਸ਼ੁਦਾ ਫਿਸ਼ ਰਿਸੀਵਰ ਸੀ, ਜਿਸ ਕਰਕੇ ਇਸ ਤਰ੍ਹਾਂ ਦੀ ਕਾਰਵਾਈ ਸਿੱਧੇ ਤੌਰ ‘ਤੇ ਫਿਸ਼ਰੀਜ਼ ਐਕਟ ਦੀ ਉਲੰਘਣਾ ਹੈ। ਜ਼ਬਤ ਕੀਤੀਆਂ ਗਈਆਂ ਕ੍ਰੇਫਿਸ਼ ਦੀ ਅੰਦਾਜ਼ਨ ਬਾਜ਼ਾਰੀ ਕੀਮਤ ਲਗਭਗ 2 ਲੱਖ 40 ਹਜ਼ਾਰ ਡਾਲਰ ਦੇ ਕਰੀਬ ਅੰਕਿਤ ਕੀਤੀ ਗਈ।
ਅਦਾਲਤ ਨੇ ਕੰਪਨੀ ‘ਤੇ 60,000 ਡਾਲਰ ਦਾ ਜੁਰਮਾਨਾ ਲਗਾਇਆ। ਇਸਦੇ ਨਾਲ ਹੀ ਕੰਪਨੀ ਦੇ ਜਹਾਜ਼ “Southern Secret” ਨੂੰ ਜ਼ਬਤ ਕਰਨ ਦੀ ਬਜਾਏ 47,000 ਡਾਲਰ ਦੀ ਰਕਮ ਅਦਾ ਕਰਨ ਦੀ ਸ਼ਰਤ ਰੱਖੀ ਗਈ।
ਫਿਸ਼ਰੀਜ਼ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੇ ਕਿਹਾ ਕਿ ਸਮੁੰਦਰੀ ਸੰਸਾਧਨਾਂ ਦੀ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਰਿਕਰੀਏਸ਼ਨਲ ਮੱਛੀਪਕੜ ਨੂੰ ਵਪਾਰਕ ਮਕਸਦ ਲਈ ਵਰਤਣਾ ਕਾਨੂੰਨੀ ਤੌਰ ‘ਤੇ ਗੰਭੀਰ ਉਲੰਘਣਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਮਾਮਲਿਆਂ ‘ਤੇ ਸਖ਼ਤ ਕਾਰਵਾਈ ਜਾਰੀ ਰਹੇਗੀ।
Related posts
- Comments
- Facebook comments
