ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਵਿੱਚ ਨਸਲੀ ਨਫ਼ਰਤ ਨਾਲ ਜੁੜੀਆਂ ਘਟਨਾਵਾਂ ਬਾਰੇ ਸਾਹਮਣੇ ਆਏ ਤਾਜ਼ਾ ਅੰਕੜਿਆਂ ਨੇ ਚਿੰਤਾ ਵਧਾ ਦਿੱਤੀ ਹੈ। ਨਿਊਜੀਲੈਂਡ ਪੁਲਸ ਦੇ ਡੇਟਾ ਮੁਤਾਬਕ ਦੱਖਣੀ ਏਸ਼ੀਆਈ ਮੂਲ ਦੇ ਲੋਕ ਸਭ ਤੋਂ ਵੱਧ ਨਸਲੀ ਬਦਸਲੂਕੀ ਅਤੇ ਹੇਟ ਘਟਨਾਵਾਂ ਦਾ ਸ਼ਿਕਾਰ ਬਣ ਰਹੇ ਹਨ।
ਅੰਕੜਿਆਂ ਅਨੁਸਾਰ ਜਨਵਰੀ 2022 ਤੋਂ ਅਕਤੂਬਰ 2025 ਤੱਕ ਦਰਜ ਕੀਤੀਆਂ ਹਜ਼ਾਰਾਂ ਨਫ਼ਰਤੀ ਘਟਨਾਵਾਂ ਵਿੱਚੋਂ ਵੱਡਾ ਹਿੱਸਾ ਦੱਖਣੀ ਏਸ਼ੀਆਈ ਭਾਈਚਾਰੇ ਨਾਲ ਸੰਬੰਧਿਤ ਸੀ। ਕੁੱਲ ਘਟਨਾਵਾਂ ਵਿੱਚੋਂ ਲਗਭਗ 80 ਫ਼ੀਸਦੀ ਮਾਮਲੇ ਜਾਤੀ ਜਾਂ ਨਸਲ ਅਧਾਰਿਤ ਸਨ।
ਰਿਪੋਰਟ ਦੱਸਦੀ ਹੈ ਕਿ ਹਾਲਾਂਕਿ ਏਸ਼ੀਆਈ ਭਾਈਚਾਰਾ ਦੇਸ਼ ਦੀ ਅਬਾਦੀ ਦਾ ਇੱਕ ਹਿੱਸਾ ਹੈ, ਪਰ ਦਰਜ ਕੀਤੀਆਂ ਨਫ਼ਰਤੀ ਘਟਨਾਵਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਅਨੁਪਾਤਿਕ ਤੌਰ ‘ਤੇ ਕਾਫ਼ੀ ਵੱਧ ਹੈ। ਇਹ ਹਾਲਾਤ ਸਮਾਜਕ ਤਣਾਅ ਅਤੇ ਨਸਲੀ ਭੇਦਭਾਵ ਦੀ ਗੰਭੀਰਤਾ ਵੱਲ ਇਸ਼ਾਰਾ ਕਰਦੇ ਹਨ।
ਕਈ ਪੀੜਤਾਂ ਨੇ ਦੱਸਿਆ ਕਿ ਉਹਨਾਂ ਨੂੰ ਜਨਤਕ ਸਥਾਨਾਂ ‘ਤੇ ਗਾਲੀਆਂ, ਧਮਕੀਆਂ ਅਤੇ ਕਈ ਵਾਰ ਸ਼ਾਰੀਰੀਕ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਸਮਾਜਿਕ ਆਗੂਆਂ ਨੇ ਸਰਕਾਰ ਤੋਂ ਸਖ਼ਤ ਕਦਮ ਚੁੱਕਣ ਅਤੇ ਨਸਲੀ ਨਫ਼ਰਤ ਖ਼ਿਲਾਫ਼ ਜਾਗਰੂਕਤਾ ਵਧਾਉਣ ਦੀ ਮੰਗ ਕੀਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਹੇਟ ਘਟਨਾਵਾਂ ਦੀ ਰਿਪੋਰਟਿੰਗ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਪੀੜਤਾਂ ਨੂੰ ਸਹਾਇਤਾ ਮਿਲ ਸਕੇ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਇਹ ਅੰਕੜੇ ਨਿਊਜ਼ੀਲੈਂਡ ਵਿੱਚ ਵਧ ਰਹੀ ਨਸਲੀ ਬਦਸਲੂਕੀ ਦੇ ਮਾਮਲਿਆਂ ‘ਤੇ ਗੰਭੀਰ ਚਰਚਾ ਨੂੰ ਜਨਮ ਦੇ ਰਹੇ ਹਨ।
