ਆਕਲੈਂਡ (ਐੱਨ ਜੈੱਡ ਤਸਵੀਰ) Jason Morgan ਨਾਮਕ ਨਿਊਜ਼ੀਲੈਂਡ ਦੇ ਇੱਕ ਅਧਿਆਪਕ ਨੂੰ ਆਸਟ੍ਰੇਲੀਆ ਦੇ ਇੱਕ ਕਾਲਜ ਨੇ ਉਸ ਵੇਲੇ ਮੁਅੱਤਲ ਕਰ ਦਿੱਤਾ ਜਦੋਂ ਟ੍ਰਿਬਿਊਨਲ ਵਿੱਚ ਸਾਹਮਣੇ ਆਇਆ ਕਿ ਉਸ ਨੇ ਪਹਿਲਾਂ ਵਿਦਿਆਰਥੀਆਂ ਨਾਲ ਅਣਉਚਿਤ ਜਿਨਸੀ ਕਿਸਮ ਦੀਆਂ ਗੱਲਾਂ ਕੀਤੀਆਂ ਸਨ।
ਰਿਪੋਰਟਾਂ ਮੁਤਾਬਕ ਮੋਰਗਨ 2023 ਦੌਰਾਨ ਨਿਊਜ਼ੀਲੈਂਡ ਦੇ ਇੱਕ ਸਕੂਲ ਵਿੱਚ ਬੋਰਡਿੰਗ ਹਾਊਸ ਅਸਿਸਟੈਂਟ ਅਤੇ ਅਧਿਆਪਕ ਵਜੋਂ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ‘ਤੇ ਦੋਸ਼ ਲੱਗੇ ਕਿ ਉਸ ਨੇ ਵਿਦਿਆਰਥੀਆਂ ਨਾਲ ਕਈ ਵਾਰ ਜਿਨਸੀ ਪ੍ਰਕਿਰਤੀ ਦੇ ਅਣਉਚਿਤ ਸਵਾਲ ਪੁੱਛੇ ਅਤੇ ਟਿੱਪਣੀਆਂ ਕੀਤੀਆਂ, ਜਿਸ ਨਾਲ ਵਿਦਿਆਰਥੀ ਅਸਹਿਜ ਮਹਿਸੂਸ ਕਰਦੇ ਸਨ।
ਇਸ ਮਾਮਲੇ ਸਬੰਧੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਮਾਮਲਾ ਅਧਿਆਪਕਾਂ ਦੀ ਅਨੁਸ਼ਾਸਨਕ ਸੰਸਥਾ Teachers Disciplinary Tribunal ਤੱਕ ਪਹੁੰਚਿਆ। ਟ੍ਰਿਬਿਊਨਲ ਨੇ ਜਾਂਚ ਦੌਰਾਨ ਉਸ ਦੇ ਵਿਹਾਰ ਨੂੰ ਗੰਭੀਰ ਗਲਤਚਾਲ ਕਰਾਰ ਦਿੰਦਿਆਂ ਉਸ ਨੂੰ ਕੜੀ ਫਟਕਾਰ ਜਾਰੀ ਕੀਤੀ।
ਇਸ ਦਰਮਿਆਨ ਮੋਰਗਨ ਨਿਊਜ਼ੀਲੈਂਡ ਛੱਡ ਕੇ ਆਸਟ੍ਰੇਲੀਆ ਦੇ ਇੱਕ ਕਾਲਜ ਵਿੱਚ ਨੌਕਰੀ ਕਰਨ ਲੱਗ ਪਿਆ ਸੀ। ਪਰ ਜਦੋਂ ਟ੍ਰਿਬਿਊਨਲ ਦੀ ਕਾਰਵਾਈ ਅਤੇ ਦੋਸ਼ਾਂ ਦੀ ਜਾਣਕਾਰੀ ਸਾਹਮਣੇ ਆਈ ਤਾਂ ਕਾਲਜ ਪ੍ਰਬੰਧਨ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਸਾਰੇ ਕੰਮਾਂ ਤੋਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ।
ਕਾਲਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਭਲਾਈ ਸਭ ਤੋਂ ਵੱਡੀ ਤਰਜੀਹ ਹੈ, ਇਸ ਲਈ ਜਾਂਚ ਪੂਰੀ ਹੋਣ ਤੱਕ ਅਧਿਆਪਕ ਨੂੰ ਡਿਊਟੀ ਤੋਂ ਦੂਰ ਰੱਖਿਆ ਗਿਆ ਹੈ। ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।
Related posts
- Comments
- Facebook comments
