ਚੈੱਕ ਗਣਰਾਜ ਦੀ ਸੰਵਿਧਾਨਕ ਅਦਾਲਤ ਨੇ ਅਮਰੀਕਾ ਸਥਿਤ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ ਨਿਖਿਲ ਗੁਪਤਾ ਦੀ ਅਮਰੀਕਾ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਗੁਪਤਾ ਪਿਛਲੇ ਸਾਲ ਜੂਨ ਤੋਂ ਪ੍ਰਾਗ ਦੀ ਜੇਲ੍ਹ ‘ਚ ਬੰਦ ਹੈ।
ਉਸ ਦੀ ਹਵਾਲਗੀ ਬਾਰੇ ਅੰਤਿਮ ਫੈਸਲਾ ਚੈੱਕ ਗਣਰਾਜ ਦੇ ਨਿਆਂ ਮੰਤਰੀ ਪਾਵੇਲ ਬਲਾਜ਼ੇਕ ਕਰਨਗੇ। ਪ੍ਰਾਗ ਸਥਿਤ ਚੈੱਕ ਅਦਾਲਤ ਵੱਲੋਂ ਹਵਾਲਗੀ ਵਿਰੁੱਧ ਗੁਪਤਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ।
ਚੈੱਕ ਗਣਰਾਜ ਦੀ ਕੋਰਟ ਨੇ ਨਿਖਿਲ ਗੁਪਤਾ ਦੀ ਪਟੀਸ਼ਨ ਅਤੇ ਇਤਰਾਜ਼ਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਉਸ ਨੂੰ ਅਮਰੀਕਾ ਹਵਾਲੇ ਕਰਨ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ। ਹੁਣ ਚੈੱਕ ਗਣਰਾਜ ਦੇ ਨਿਆਂ ਮੰਤਰਾਲੇ ਨੇ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕਰਨ ਬਾਰੇ ਅੰਤਿਮ ਫੈਸਲਾ ਲੈਣਾ ਹੈ।
ਅਮਰੀਕਾ ਨੇ ਨਿਖਿਲ ਗੁਪਤਾ ਨੂੰ ਪੰਨੂ ਦੀ ਹੱਤਿਆ ਦੀ ਅਸਫਲ ਕੋਸ਼ਿਸ਼ ‘ਚ ਦੋਸ਼ੀ ਕਰਾਰ ਦਿੱਤਾ ਹੈ। ਵਾਸ਼ਿੰਗਟਨ ਨੇ ਚੈੱਕ ਸਰਕਾਰ ਤੋਂ ਉਸ ਦੀ ਹਵਾਲਗੀ ਦੀ ਮੰਗ ਕੀਤੀ ਸੀ। ਲੋਅਰ ਕੋਰਟ ਅਤੇ ਹਾਈ ਕੋਰਟ ਤੋਂ ਬਾਅਦ ਹੁਣ ਸਿਖਰ ਅਦਾਲਤ ਨੇ ਵੀ ਨਿਖਿਲ ਦੀ ਹਵਾਲਗੀ ਨੂੰ ਹਰੀ ਝੰਡੀ ਦੇ ਕੇ ਨਿਖਿਲ ਗੁਪਤਾ ਨੂੰ ਵੱਡਾ ਝਟਕਾ ਦਿੱਤਾ ਹੈ।
ਨਿਖਿਲ ਗੁਪਤਾ ਨੂੰ ਕਰੀਬ ਇੱਕ ਸਾਲ ਪਹਿਲਾਂ ਪੈਰਾਗੁਏ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਅਮਰੀਕਾ ਨੇ ਨਿਖਿਲ ਦੀ ਹਵਾਲਗੀ ਕਰਨ ਦੀ ਬੇਨਤੀ ਕੀਤੀ ਸੀ, ਤਾਂ ਜੋ ਪੰਨੂ ਦੇ ਮਾਮਲੇ ‘ਚ ਉਸ ਖਿਲਾਫ ਮੁਕੱਦਮਾ ਚਲਾਇਆ ਜਾ ਸਕੇ।
ਨਿਖਿਲ ਗੁਪਤਾ ਨੇ ਇਸ ਦੇ ਖਿਲਾਫ ਚੈੱਕ ਗਣਰਾਜ ਦੀ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ। 23 ਨਵੰਬਰ, 2023 ਨੂੰ ਪੈਰਾਗੁਏ ਦੀ ਹੇਠਲੀ ਅਦਾਲਤ (ਮਿਊਨਸੀਪਲ ਕੋਰਟ) ਨੇ ਨਿਖਿਲ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਅਤੇ ਉਸ ਦੀ ਹਵਾਲਗੀ ਦਾ ਹੁਕਮ ਦਿੱਤਾ।
ਨਿਖਿਲ ਨੇ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ 8 ਜਨਵਰੀ 2024 ਨੂੰ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਇਸ ਤੋਂ ਬਾਅਦ ਨਿਖਿਲ ਗੁਪਤਾ ਨੇ ਸਿਖਰਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ‘ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਸੁਪਰੀਮ ਕੋਰਟ ਨੇ ਨਿਖਿਲ ਗੁਪਤਾ ਦੀ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਹੈ ਅਤੇ ਉਸ ਦੀ ਅਮਰੀਕਾ ਹਵਾਲਗੀ ਦਾ ਰਾਹ ਸਾਫ਼ ਕਰ ਦਿੱਤਾ ਹੈ।