ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਭਲਕੇ ਐਤਵਾਰ ਨੂੰ ਰੂਸ ਦੇ ਤਿੰਨ ਰੋਜ਼ਾ ਦੌਰੇ ’ਤੇ ਜਾਣਗੇ, ਜਿੱਥੇ ਉਹ ਸਟੈਲਥ ਜੰਗੀ ਜਹਾਜ਼ ਨੂੰ ਭਾਰਤੀ ਸੈਨਾ ਵਿੱਚ ਸ਼ਾਮਲ ਹੁੰਦਾ ਦੇਖਣਗੇ ਅਤੇ ਆਪਣੇ ਰੂਸੀ ਹਮਰੁਤਬਾ ਆਂਦਰੇ ਬੇਲੋਸੋਵ ਨਾਲ ਮਿਲਟਰੀ ਉਪਕਰਨਾਂ ਦੇ ਸਹਿ-ਉਤਪਾਦਨ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ’ਤੇ ਗੱਲਬਾਤ ਕਰਨਗੇ। ਰੂਸ ਵੱਲੋਂ ਬਣਾਏ ਗਏ ਸਟੈਲਥ ਗਾਈਡਡ ਮਿਜ਼ਾਈਲ ਫ੍ਰੀਗੇਟ ਆਈਐੱਨਐੱਸ ਤੁਸ਼ੀਲ ਨੂੰ ਸੋਮਵਾਰ ਨੂੰ ਤੱਟਵਰਤੀ ਸ਼ਹਿਰ ਕੈਲਿਨਿਨਗ੍ਰਾਦ ਵਿੱਚ ਭਾਰਤੀ ਸੈਨਾ ’ਚ ਸ਼ਾਮਲ ਕੀਤਾ ਜਾਵੇਗਾ। ਦੁਨੀਆ ਭਰ ਵਿੱਚ ਤਕਨੀਕੀ ਤੌਰ ’ਤੇ ਸਭ ਤੋਂ ਵਿਕਸਤ ਬੇੜੇ ’ਚੋਂ ਇੱਕ ਮੰਨੇ ਜਾਂਦੇ ਇਸ ਜੰਗੀ ਬੇੜੇ ਰਾਹੀਂ ਹਿੰਦ ਮਹਾਸਾਗਰ ਵਿੱਚ ਭਾਰਤੀ ਜਲ ਸੈਨਾ ਦੀ ਸੰਚਾਲਨ ਸਮਰੱਥਾ ਵਿੱਚ ਵਾਧਾ ਹੋਣ ਦੀ ਉਮੀਦ ਹੈ।