ਅਮਰੀਕਾ ਨੇ ਅੱਜ ਭਾਜਪਾ ਦੇ ਉਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰੋਬਾਰੀ ਗੌਤਮ ਅਡਾਨੀ ਨੂੰ ਨਿਸ਼ਾਨਾ ਬਣਾ ਕੇ ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਪਿੱਛੇ ਅਮਰੀਕੀ ਵਿਦੇਸ਼ ਮੰਤਰਾਲੇ ਅਤੇ ਅਮਰੀਕੀ ‘ਡੀਪ ਸਟੇਟ’ ਵੱਲੋਂ ਫੰਡ ਪ੍ਰਾਪਤ ਸੰਗਠਨਾਂ ਦਾ ਹੱਥ ਹੈ। ਅਮਰੀਕੀ ਦੂਤਾਵਾਸ ਦੇ ਤਰਜਮਾਨ ਨੇ ਦੋਸ਼ਾਂ ਨੂੰ ‘ਨਿਰਾਸ਼ਾਜਨਕ’ ਦੱਸਦਿਆਂ ਕਿਹਾ ਕਿ ਅਮਰੀਕੀ ਸਰਕਾਰ ਦੁਨੀਆ ਭਰ ਵਿੱਚ ਮੀਡੀਆ ਦੀ ਆਜ਼ਾਦੀ ਦੀ ਹਮਾਇਤੀ ਰਹੀ ਹੈ। ਭਾਜਪਾ ਨੇ ਦੋਸ਼ ਲਾਇਆ ਸੀ ਕਿ ਅਮਰੀਕਾ ਦੇ ‘ਡੀਪ ਸਟੇਟ’ ਨੇ ਭਾਰਤ ਦਾ ਅਕਸ ਖਰਾਬ ਕਰਨ ਲਈ ਮੀਡੀਆ ਪੋਰਟਲ ਓਸੀਸੀਆਰਪੀ (ਸੰਗਠਿਤ ਅਪਰਾਧ ਅਤੇ ਭ੍ਰਿਸ਼ਟਾਚਾਰ ਰਿਪੋਰਟਿੰਗ ਪ੍ਰਾਜੈਕਟ) ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮਿਲੀਭੁਗਤ ਕੀਤੀ ਹੈ। ਭਾਜਪਾ ਨੇ ਕਿਹਾ ਸੀ ਕਿ ਰਾਹੁਲ ਨੇ ਅਡਾਨੀ ਗਰੁੱਪ ਨੂੰ ਨਿਸ਼ਾਨਾ ਬਣਾਉਣ ਅਤੇ ਸਰਕਾਰ ਨਾਲ ਨੇੜਤਾ ਰੱਖਣ ਦਾ ਦੋਸ਼ ਲਾਉਣ ਲਈ ਓਸੀਸੀਆਰਪੀ ਦੀਆਂ ਰਿਪੋਰਟਾਂ ਦੀ ਵਰਤੋਂ ਕੀਤੀ ਸੀ।
ਅਮਰੀਕੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ, ‘ਭਾਰਤ ਦੀ ਸੱਤਾਧਾਰੀ ਪਾਰਟੀ ਵੱਲੋਂ ਇਸ ਤਰ੍ਹਾਂ ਦੇ ਦੋਸ਼ ਲਾਉਣੇ ਨਿਰਾਸ਼ਾਜਨਕ ਹੈ।’ ਅਧਿਕਾਰੀ ਨੇ ਕਿਹਾ, ‘ਅਮਰੀਕੀ ਸਰਕਾਰ ਪੱਤਰਕਾਰਾਂ ਦੇ ਪੇਸ਼ੇਵਰ ਵਿਕਾਸ ਅਤੇ ਸਿਖਲਾਈ ਦੀ ਯੋਜਨਾ ਲਈ ਆਜ਼ਾਦ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਦੀ ਹੈ। ਇਹ ਯੋਜਨਾ ਇਨ੍ਹਾਂ ਸੰਗਠਨਾਂ ਦੇ ਸੰਪਾਦਕੀ ਜਾਂ ਹੋਰ ਫ਼ੈਸਲਿਆਂ ਨੂੰ ਪ੍ਰਭਾਵਿਤ ਨਹੀਂ ਕਰਦੀ।’
ਓਸੀਸੀਆਰਪੀ ਇੱਕ ਮੀਡੀਆ ਪਲੇਟਫਾਰਮ ਹੈ, ਜੋ ਮੁੱਖ ਤੌਰ ’ਤੇ ਅਪਰਾਧ ਅਤੇ ਭ੍ਰਿਸ਼ਟਾਚਾਰ ਨਾਲ ਸਬੰਧਤ ਰਿਪੋਰਟਾਂ ’ਤੇ ਧਿਆਨ ਕੇਂਦਰਿਤ ਕਰਦਾ ਹੈ। ਇਸ ਦਾ ਮੁੱਖ ਦਫਤਰ ਐਮਸਟਰਡਮ ਵਿੱਚ ਹੈ। ਭਾਜਪਾ ਨੇ ਫਰਾਂਸ ਦੀ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਓਸੀਸੀਆਰਪੀ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਦੇ ਯੂਐੱਸਏਆਈਡੀ ਦੇ ਨਾਲ-ਨਾਲ ਜੌਰਜ ਸੋਰੋਸ ਅਤੇ ਰੌਕਫੈਲਰ ਫਾਊਂਡੇਸ਼ਨ ਵਰਗੀਆਂ ਹੋਰ ‘ਡੀਪ ਸਟੇਟ ਸ਼ਖਸੀਅਤਾਂ’ ਰਾਹੀਂ ਫੰਡ ਦਿੱਤਾ ਜਾਂਦਾ ਹੈ।