ਆਕਲੈਂਡ (ਐੱਨ.ਜ਼ੈੱਡ ਤਸਵੀਰ) — ਭਾਰਤ ਦੇ ਕੌਂਸਲੇਟ ਜਨਰਲ ਡਾ. ਮਦਨ ਮੋਹਨ ਸੇਠੀ ਆਪਣੀ ਧਰਮ ਪਤਨੀ ਅਤੇ ਮੀਡੀਆ ਸੈਕਟਰੀ ਮਨੀਸ਼ਾ ਸੇਠੀ ਸਮੇਤ ਅੱਜ ਕੋਲਮਾਰ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਨਤਮਸਤਕ ਹੋਏ। ਉਹ ਦਿਵਾਲੀ ਦੇ ਸਬੰਧ ਵਿੱਚ ਵਿਸ਼ੇਸ਼ ਤੌਰ ‘ਤੇ ਗੁਰਦੁਆਰਾ ਸਾਹਿਬ ਪਹੁੰਚੇ ਸਨ।
ਇਸ ਮੌਕੇ ਡਾ. ਸੇਠੀ ਨੇ ਗੁਰਦੁਆਰਾ ਦੇ ਮੀਟਿੰਗ ਹਾਲ ਵਿੱਚ ਪ੍ਰਬੰਧਕ ਕਮੇਟੀ ਅਤੇ ਸਥਾਨਕ ਪਤਵੰਤੇ ਸਜਣਾਂ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਨਿਊਜ਼ੀਲੈਂਡ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਵੱਲੋਂ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ। ਕੌਂਸਲੇਟ ਜਨਰਲ ਵੱਲੋਂ ਸਾਰੇ ਸੁਝਾਵਾਂ ਨੂੰ ਧਿਆਨ ਨਾਲ ਸੁਣਦੇ ਹੋਏ ਉਨ੍ਹਾਂ ਦੇ ਹੱਲ ਲਈ ਭਵਿੱਖੀ ਕਦਮਾਂ ‘ਤੇ ਵਿਚਾਰ ਕੀਤਾ ਗਿਆ।
ਗੁਰਦੁਆਰਾ ਦਸਮੇਸ਼ ਦਰਬਾਰ ਦੇ ਚੇਅਰਮੈਨ ਸ. ਪ੍ਰਿਥੀਪਾਲ ਸਿੰਘ ਬਸਰਾ ਨੇ ਡਾ. ਸੇਠੀ ਦਾ ਨਿੱਘਾ ਸਵਾਗਤ ਕਰਦੇ ਹੋਏ ਉਨ੍ਹਾਂ ਵੱਲੋਂ ਭਾਰਤੀ ਭਾਈਚਾਰੇ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਡਾ. ਸੇਠੀ ਦੇ ਕੌਂਸਲੇਟ ਜਨਰਲ ਦੇ ਤੌਰ ‘ਤੇ ਚਾਰਜ ਸੰਭਾਲਣ ਤੋਂ ਬਾਅਦ ਲੋਕਾਂ ਦੇ ਕੰਮ ਤੇਜ਼ੀ ਨਾਲ ਹੋਣੇ ਸ਼ੁਰੂ ਹੋਏ ਹਨ ਅਤੇ ਕੌਂਸਲੇਟ ਦਫ਼ਤਰ ਵਿਖੇ ਸਹੂਲਤਾਂ ‘ਚ ਵੀ ਸੁਧਾਰ ਆਇਆ ਹੈ।
ਇਸ ਮੌਕੇ ਸਾਬਕਾ ਐਮ.ਪੀ. ਮਹੇਸ਼ ਬਿੰਦਰਾ, ਰੇਸ਼ਮ ਸਿੰਘ, ਬਿੱਲਾ ਅੰਬਰਸਰੀਆ, ਡਾ. ਪ੍ਰਦੀਪ, ਰਜਿੰਦਰਪਾਲ ਸਿੰਘ ਬਾਜਵਾ, ਕੁਲਵੰਤ ਸਿੰਘ ਮਿਨਹਾਸ, ਦਿਲਾਬਰ ਸਿੰਘ, ਅਬਿਨਾਸ਼ ਕੌਰ, ਮੱਖਣ ਸਿੰਘ, ਮਿਸਟਰ ਗਰੇਵਾਲ, ਡਾ. ਸੰਧੂ, ਪ੍ਰਗਟ ਸਿੰਘ ਫੌਜੀ ਅਤੇ ਐੱਨ.ਜ਼ੈੱਡ ਤਸਵੀਰ ਦੇ ਮੁੱਖ ਸੰਪਾਦਕ ਸ੍ਰੀ ਨਰਿੰਦਰ ਸਿੰਗਲਾ ਸਮੇਤ ਹੋਰ ਪ੍ਰਮੁੱਖ ਹਸਤੀਆਂ ਵੀ ਮੌਜੂਦ ਸਨ।
