ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਲੇਬਰ ਪਾਰਟੀ ਦੇ ਨੇਤਾ ਕ੍ਰਿਸ ਹਿਪਕਿਨਸ ਵੱਲੋਂ ਆਪਣੇ ਨਿੱਜੀ ਵਿੱਤਾਂ ਬਾਰੇ ਕੀਤੇ ਗਏ ਬਿਆਨ ਦਾ ਕੜਾ ਜਵਾਬ ਦਿੱਤਾ ਹੈ। ਹਿਪਕਿਨਸ ਨੇ ਬੁੱਧਵਾਰ ਨੂੰ ਲਕਸਨ ਉੱਤੇ ਦੋਸ਼ ਲਗਾਇਆ ਸੀ ਕਿ ਉਸਨੇ ਹਾਲ ਹੀ ਵਿੱਚ ਜਾਇਦਾਦਾਂ ਦੀ ਵਿਕਰੀ ਰਾਹੀਂ ਸੈਂਕੜਿਆਂ ਹਜ਼ਾਰ ਡਾਲਰ ਟੈਕਸ-ਮੁਕਤ ਕਮਾਏ ਹਨ।
ਉਸਨੇ ਸਵਾਲ ਕੀਤਾ “ਉਹ ਇੱਕ ਸਾਲ ਵਿੱਚ ਘਰਾਂ ਦੀ ਖਰੀਦ-ਫਰੋਖ਼ਤ (‘ਫਲਿੱਪਿੰਗ’) ਕਰਕੇ $600,000 ਤੋਂ ਵੱਧ ਕਿਵੇਂ ਕਮਾ ਸਕਦਾ ਹੈ, ਜਦਕਿ ਹਰ ਰੋਜ਼ ਮਿਹਨਤ ਕਰਕੇ ਜੀਵਨ ਬਿਤਾਉਣ ਵਾਲੇ ਲੋਕ ਆਪਣੇ ਹਰ ਡਾਲਰ ‘ਤੇ ਟੈਕਸ ਭਰਦੇ ਹਨ?”
ਲੇਬਰ ਪਾਰਟੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਜਾਇਦਾਦ ‘ਤੇ ਪੂੰਜੀ ਲਾਭ ਟੈਕਸ ਲਗਾਉਣ ਦੀ ਨੀਤੀ ‘ਤੇ ਚੋਣ ਮੁਹਿੰਮ ਚਲਾਏਗੀ — ਜਿਸ ਵਿੱਚ ਪਰਿਵਾਰਕ ਘਰ ਅਤੇ ਖੇਤ-ਖੇਤੀਬਾੜੀ ਵਾਲੀ ਜਾਇਦਾਦ ਨੂੰ ਛੋਟ ਮਿਲੇਗੀ। ਇਹ ਨੀਤੀ 1 ਜੁਲਾਈ 2027 ਤੋਂ 28ਫੀਸਦ ਦਰ ‘ਤੇ ਲਾਗੂ ਹੋਵੇਗੀ।
ਦੱਖਣੀ ਕੋਰੀਆ ਤੋਂ ਆਸੀਅਨ ਸਿਖਰ ਸੰਮੇਲਨ ਦੌਰਾਨ ਗੱਲ ਕਰਦਿਆਂ, ਲਕਸਨ ਨੇ ਕਿਹਾ ਕਿ ਹਿਪਕਿਨਸ ਵੱਲੋਂ ਉਸਦੇ ਵਿੱਤਾਂ ਬਾਰੇ ਟਿੱਪਣੀਆਂ ਸਿਰਫ਼ “ਰਾਜਨੀਤਿਕ ਧਿਆਨ ਭਟਕਾਉਣ” ਲਈ ਹਨ।
ਉਸਦਾ ਕਹਿਣਾ ਸੀ ਮੈਨੂੰ ਪਤਾ ਹੈ ਕਿ ਉਨ੍ਹਾਂ ਦਾ ਹਫ਼ਤਾ ਠੀਕ ਨਹੀਂ ਰਿਹਾ, ਖ਼ਾਸਕਰ ਕੈਪੀਟਲ ਗੇਨਜ਼ ਟੈਕਸ ਨੀਤੀ ਨਾਲ , ਜੋ ਦੋ ਹਫ਼ਤਿਆਂ ਵਿੱਚ ਉਨ੍ਹਾਂ ਦੀ ਚੌਥੀ ਵੱਡੀ ਨੀਤੀ ਦੀ ਨਾਕਾਮੀ ਹੈ।
ਮੈਂ ਉਸਦੇ ਨਿੱਜੀ ਵਿੱਤਾਂ ‘ਤੇ ਹਮਲਾ ਨਹੀਂ ਕਰਦਾ, ਇਸ ਲਈ ਉਮੀਦ ਕਰਦਾ ਹਾਂ ਕਿ ਉਹ ਵੀ ਮੇਰੇ ‘ਤੇ ਹਮਲਾ ਨਾ ਕਰੇ।”
ਲਕਸਨ ਨੇ ਇਹ ਵੀ ਕਿਹਾ ਕਿ ਇਹ ਨੀਤੀ ਉਸਦੇ ਖ਼ਿਲਾਫ਼ ਨਹੀਂ, ਬਲਕਿ ਨਿਊਜ਼ੀਲੈਂਡ ਦੇ ਆਮ ਲੋਕਾਂ ਖ਼ਿਲਾਫ਼ ਹੈ ਜੋ ਇਸ ਤੋਂ ਪ੍ਰਭਾਵਿਤ ਹੋਣਗੇ।
ਉਸਨੇ ਕਿਹਾ “ਮੈਂ ਸਮਝਦਾ ਹਾਂ ਕਿ ਉਹ ਮੈਨੂੰ ਨਿਸ਼ਾਨਾ ਕਿਉਂ ਬਣਾ ਰਿਹਾ ਹੈ, ਕਿਉਂਕਿ ਇਹ ਉਸਦੀ ਇੱਕ ਮੁੱਖ ਨੀਤੀ ਦੀ ਨਾਕਾਮ ਸ਼ੁਰੂਆਤ ਲੱਗ ਰਹੀ ਹੈ।
ਪਰ ਇਹ ਗੱਲ ਮੇਰੇ ਬਾਰੇ ਨਹੀਂ, ਸਗੋਂ ਉਹਨਾਂ ਕੀਵੀ ਮਾਪਿਆਂ ਬਾਰੇ ਹੈ ਜਿਨ੍ਹਾਂ ਕੋਲ ਕਿਰਾਏ ‘ਤੇ ਦਿੱਤੀ ਜਾਇਦਾਦ ਹੈ, ਜਾਂ ਉਹ ਕਾਰੋਬਾਰ ਜੋ ਆਪਣੀ ਵਪਾਰਕ ਜਗ੍ਹਾ ਤੋਂ ਕੰਮ ਕਰਦੇ ਹਨ — ਹੁਣ ਉਨ੍ਹਾਂ ਨੂੰ ਵੀ ਵਾਧੂ ਟੈਕਸ ਭਰਨਾ ਪਵੇਗਾ।”
ਹਿਪਕਿਨਸ ਨੇ ਇਹ ਬਿਆਨ ਉਸ ਵੇਲੇ ਦਿੱਤਾ ਜਦੋਂ ਨੇਸ਼ਨਲ ਪਾਰਟੀ ਨੇ ਸੋਸ਼ਲ ਮੀਡੀਆ ‘ਤੇ ਲੇਬਰ ਦੀ ਟੈਕਸ ਨੀਤੀ ਦੇ ਖ਼ਿਲਾਫ਼ ਕਈ ਪ੍ਰਚਾਰਕ ਵੀਡੀਓ ਜਾਰੀ ਕੀਤੀਆਂ।
ਉਸਨੇ ਕਿਹਾ “ਆਓ ਗੱਲਬਾਤ ਕਰੀਏ। ਉਸਨੇ ਪਿਛਲੇ ਸਾਲ ਚਾਰ ਘਰ ਵੇਚੇ ਅਤੇ ਪ੍ਰਧਾਨ ਮੰਤਰੀ ਦੀ ਤਨਖਾਹ ਨਾਲੋਂ ਵੱਧ ਟੈਕਸ-ਮੁਕਤ ਪੈਸੇ ਕਮਾਏ ਜਿਸ ਉੱਤੇ ਉਸਨੇ ਹਰ ਡਾਲਰ ‘ਤੇ ਟੈਕਸ ਭਰਿਆ ਸੀ।”
ਕਿਹਾ ਜਾ ਸਕਦਾ ਹੈ ਕਿ ਇਹ ਰਾਜਨੀਤਿਕ ਟਕਰਾਅ ਨਿਊਜ਼ੀਲੈਂਡ ਵਿੱਚ ਜਾਇਦਾਦ ਟੈਕਸ ਅਤੇ ਨਿੱਜੀ ਆਮਦਨ ਦੀ ਨੀਤੀਆਂ ਨੂੰ ਲੈ ਕੇ ਚਰਚਾ ਦਾ ਕੇਂਦਰ ਬਣ ਗਿਆ ਹੈ। ਹਿਪਕਿਨਸ ਇਸ ਮਾਮਲੇ ਨੂੰ “ਇਨਸਾਫ਼ੀ ਟੈਕਸ ਪ੍ਰਣਾਲੀ” ਦੇ ਤੌਰ ‘ਤੇ ਪੇਸ਼ ਕਰਨਾ ਚਾਹੁੰਦਾ ਹੈ, ਜਦਕਿ ਲਕਸਨ ਇਸਨੂੰ “ਵਿਅਕਤੀਗਤ ਹਮਲਾ” ਦੱਸ ਕੇ ਰਾਜਨੀਤਿਕ ਧਿਆਨ ਭਟਕਾਉਣ ਵਾਲੀ ਚਾਲ ਕਹਿ ਰਿਹਾ ਹੈ।
Related posts
- Comments
- Facebook comments
