ਆਕਲੈਂਡ (ਐੱਨ ਜੈੱਡ ਤਸਵੀਰ) ਦੱਖਣੀ ਕੋਰੀਆ ਵਿੱਚ ਹੋਏ APEC ਸਿਖਰ ਸੰਮੇਲਨ ਦੌਰਾਨ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫ਼ਰ ਲਕਸਨ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਸਾਮ੍ਹਣ-ਸਾਮ੍ਹਣ ਮੁਲਾਕਾਤ ਹੋਈ। ਇਹ ਦੋਹਾਂ ਨੇਤਾਵਾਂ ਦੀ ਪਹਿਲੀ ਮੁਲਾਕਾਤ ਸੀ — ਹਾਲਾਂਕਿ ਉਹ ਪਹਿਲਾਂ ਇੱਕ ਵਾਰ ਟੈਲੀਫੋਨ ‘ਤੇ ਗੱਲ ਕਰ ਚੁੱਕੇ ਹਨ।
ਰਿਪੋਰਟਾਂ ਮੁਤਾਬਕ, ਡਿਨਰ ਸ਼ੁਰੂ ਹੋਣ ਤੋਂ ਪਹਿਲਾਂ ਦੋਹਾਂ ਨੇ ਹਲਕਾ-ਫੁਲਕਾ ਹਾਸਾ-ਮਜ਼ਾਕ ਕੀਤਾ। ਟਰੰਪ ਨੇ ਮੀਡੀਆ ਦੇ ਸਾਹਮਣੇ ਲਕਸਨ ਨੂੰ ਕਿਹਾ,“ਤੁਹਾਡੇ ਵਾਲ ਸੋਹਣੇ ਹਨ।”
ਇਹ ਟਿੱਪਣੀ ਉਸ ਵੇਲੇ ਆਈ ਜਦੋਂ ਲਕਸਨ ਨੇ ਹਾਸੇ ਵਿੱਚ ਦੱਸਿਆ ਕਿ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ ਪਹਿਲਾਂ ਉਸਦੇ ਵਾਲਾਂ ਬਾਰੇ ਮਜ਼ਾਕ ਕਰ ਚੁੱਕੇ ਹਨ।
ਮੁਲਾਕਾਤ ਤੋਂ ਬਾਅਦ ਲਕਸਨ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ‘ਤੇ ਲਿਖਿਆ:
“ਦੱਖਣੀ ਕੋਰੀਆ ਵਿੱਚ ਰਾਸ਼ਟਰਪਤੀ ਟਰੰਪ ਨਾਲ ਮਿਲ ਕੇ ਚੰਗਾ ਲੱਗਿਆ। ਨਿਊਜ਼ੀਲੈਂਡ ਅਤੇ ਸੰਯੁਕਤ ਰਾਜ ਅਮਰੀਕਾ ਦੇ ਮਜ਼ਬੂਤ ਸੰਬੰਧ ਹਨ ਅਤੇ ਅੱਜ ਅਸੀਂ ਗੱਲ ਕੀਤੀ ਕਿ ਇਹਨਾਂ ਨੂੰ ਹੋਰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ।”
ਟਰੰਪ ਨੇ ਵੀ ਨਿਊਜ਼ੀਲੈਂਡ ਦੀ ਪ੍ਰਸ਼ੰਸਾ ਕੀਤੀ, ਕਹਿੰਦੇ ਹੋਏ ਕਿ ਉਹ ਬਹੁਤ ਸਾਲ ਪਹਿਲਾਂ ਉਥੇ ਗਏ ਸਨ ਅਤੇ ਉਸ ਸੁੰਦਰ ਦੇਸ਼ ਨੂੰ ਕਦੇ ਨਹੀਂ ਭੁੱਲ ਸਕਦੇ।
ਟਰੰਪ ਨੇ ਕਿਹਾ “ਇਹ ਇਕ ਬਹੁਤ ਸੋਹਣਾ ਸਥਾਨ ਹੈ,” ।
ਲਕਸਨ ਨੇ ਮੀਡੀਆ ਨੂੰ ਦੱਸਿਆ ਕਿ ਉਹ ਮੀਟਿੰਗ ਦੇ ਵਿਸ਼ੇਸ਼ ਵੇਰਵਿਆਂ ਬਾਰੇ ਨਹੀਂ ਬੋਲਣਾ ਚਾਹੁੰਦੇ ਕਿਉਂਕਿ ਇਹ ਇਕ ਨਿੱਜੀ ਗੱਲਬਾਤ ਸੀ।
ਪਰ ਉਸਨੇ ਇਹ ਯਕੀਨ ਦਿਵਾਇਆ ਕਿ ਦੋਹਾਂ ਦੇਸ਼ਾਂ ਦੀਆਂ ਟੈਰਿਫ (ਸ਼ੁਲਕ) ਨੀਤੀਆਂ ਬਾਰੇ ਸਥਿਤੀਆਂ ਸਪਸ਼ਟ ਹਨ:
“ਮੈਂ ਭਰੋਸਾ ਦਿਵਾਉਂਦਾ ਹਾਂ ਕਿ ਅਮਰੀਕੀ ਪ੍ਰਸ਼ਾਸਨ ਨੂੰ ਨਿਊਜ਼ੀਲੈਂਡ ਦੀ ਸਥਿਤੀ ਪੂਰੀ ਤਰ੍ਹਾਂ ਪਤਾ ਹੈ — ਅਤੇ ਸਾਨੂੰ ਵੀ ਉਨ੍ਹਾਂ ਦੀ ਪੂਰੀ ਸਮਝ ਹੈ।”
ਇਹ ਡਿਨਰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਵੀਅਤਨਾਮ, ਸਿੰਗਾਪੁਰ, ਥਾਈਲੈਂਡ, ਕੈਨੇਡਾ ਅਤੇ ਆਸਟ੍ਰੇਲੀਆ ਦੇ ਨੇਤਾ ਵੀ ਸ਼ਾਮਲ ਸਨ।
ਟਰੰਪ ਵੀਰਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮਿਲਣਗੇ, ਜਿੱਥੇ ਦੋਵੇਂ ਮਹਾਸੱਤਾਵਾਂ ਵਿਚਕਾਰ ਚੱਲ ਰਹੀ ਵਪਾਰਕ ਜੰਗ ‘ਤੇ ਗੱਲਬਾਤ ਹੋਣ ਦੀ ਉਮੀਦ ਹੈ।
Related posts
- Comments
- Facebook comments
