ਆਕਲੈਂਡ (ਕੁਲਵੰਤ ਸਿੰਘ ਖੈਰਾਂਬਾਦੀ)(ਤਸਵੀਰ) — ਨਿਊਜ਼ੀਲੈਂਡ ਵਿੱਚ ਚੱਲ ਰਹੇ “ਪੰਜਾਬੀ ਭਾਸ਼ਾ ਹਫਤੇ” ਦੇ ਪ੍ਰੋਗਰਾਮਾਂ ਨੂੰ ਅੱਗੇ ਵਧਾਉਂਦੇ ਹੋਏ ਰੇਡੀਓ ਸਪਾਈਸ ਵੱਲੋਂ ਵਿਸ਼ੇਸ਼ “ਪੰਜਾਬ ਡੇ” ਦਾ ਆਯੋਜਨ ਕੀਤਾ ਗਿਆ। RHYTHM School ਦੇ ਸਹਿਯੋਗ ਨਾਲ ਇਹ ਸਮਾਰੋਹ ਪਹਿਲੀ ਵਾਰ ਓਟੀਆ ਸਕਵੇਅਰ, ਮੈਨੀਕਾਓ, ਔਕਲੈਂਡ ਵਿੱਚ ਮਨਾਇਆ ਗਿਆ। ਗੱਲ ਯਾਦ ਰਹੇ ਕਿ ਇੰਗਲੈਂਡ, ਕੈਨੇਡਾ ਅਤੇ ਕਈ ਹੋਰ ਮੁਲਕਾਂ ਵਿੱਚ ਪੰਜਾਬ ਡੇ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ, ਜਦਕਿ ਨਿਊਜ਼ੀਲੈਂਡ ਵਿੱਚ ਇਸਦੀ ਸ਼ੁਰੂਆਤ ਇਸ ਸਾਲ ਹੋਈ ਹੈ।
ਆਯੋਜਕਾਂ ਦੇ ਅਨੁਸਾਰ ਪੰਜਾਬੀ ਭਾਸ਼ਾ ਹਫਤਾ ਅਤੇ ਪੰਜਾਬ ਡੇ ਆਪਸੀ ਸੰਬੰਧ ਨੂੰ ਮਜ਼ਬੂਤ ਕਰਨ ਵਾਲੇ ਸੱਭਿਆਚਾਰਕ ਪੁਲ ਹਨ। ਦੋਵਾਂ ਦਾ ਮੁੱਖ ਉਦੇਸ਼ ਪਰਵਾਸੀ ਪੰਜਾਬੀਆਂ ਵਿੱਚ ਮਾਂ-ਬੋਲੀ ਅਤੇ ਪੰਜਾਬੀ ਸੰਸਕ੍ਰਿਤੀ ਦੇ ਪ੍ਰਚਾਰ-ਪ੍ਰਸਾਰ ਨੂੰ ਵਧਾਉਣਾ ਹੈ।
ਕਲਾਕਾਰਾਂ ਵੱਲੋਂ ਰੰਗਾ-ਰੰਗ ਪੇਸ਼ਕਾਰੀਆਂ
ਸਮਾਗਮ ਦੌਰਾਨ ਸਥਾਨਕ ਕਲਾਕਾਰਾਂ ਨੇ ਗਿੱਧਾ, ਭੰਗੜਾ, ਕਵਿਤਾਵਾਂ ਅਤੇ ਸੰਗੀਤਕ ਪ੍ਰਦਰਸ਼ਨਾਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। RHYTHM School of Indian Music ਦੇ ਮਨਜੀਤ ਸਿੰਘ ਨੇ ਸਟੇਜ ਮੈਨੇਜਮੈਂਟ ਅਤੇ ਸੰਗੀਤਕ ਪੇਸ਼ਕਾਰੀਆਂ ਦੀ ਸੰਭਾਲ ਕੀਤੀ। ਕਲਾਕਾਰਾਂ ਨੂੰ ਸੁਚੱਜੇ ਤਰੀਕੇ ਨਾਲ ਮੰਚ ‘ਤੇ ਮੌਕਾ ਪ੍ਰਦਾਨ ਕੀਤਾ ਗਿਆ।
ਪੰਜਾਬੀ ਕਮਿਊਨਿਟੀ ਦੇ ਪ੍ਰਸਿੱਧ ਗਾਇਕ ਸੱਤਾ ਵੈਰੋਵਾਲੀਆ ਨੇ ਆਪਣੇ ਮਨਮੋਹਕ ਗੀਤਾਂ ਨਾਲ ਹਾਲ ਵਿੱਚ ਬੈਠੇ ਦਰਸ਼ਕਾਂ ਤੋਂ ਖੂਬ ਤਾਲੀਆਂ ਵਟੋਰੀਆਂ। ਸਟੇਜ ਦੀ ਐਂਕਰਿੰਗ ਹਰਮੀਕ ਸਿੰਘ ਅਤੇ ਰਾਜਵਿੰਦਰ ਕੌਰ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਸਮਾਗਮ ਨੂੰ ਸਮੇਂਬੱਧ ਅਤੇ ਸੁਚਾਰੂ ਰੂਪ ਵਿੱਚ ਅੱਗੇ ਵਧਾਇਆ।
ਮਾਨਮਤੀਆਂ ਸ਼ਖਸੀਅਤਾਂ ਦੀ ਸ਼ਿਰਕਤ
ਰੇਡੀਓ ਸਪਾਈਸ ਦੇ ਨਵਤੇਜ ਰੰਧਾਵਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਮਾਰੋਹ ਵਿੱਚ ਨਿਊਜ਼ੀਲੈਂਡ ਦੀਆਂ ਧਾਰਮਿਕ, ਸਮਾਜਿਕ ਅਤੇ ਪ੍ਰੋਫੈਸ਼ਨਲ ਖੇਤਰਾਂ ਨਾਲ ਜੁੜੀਆਂ ਕਈ ਮਾਨਯੋਗ ਹਸਤੀਆਂ ਨੇ ਸ਼ਿਰਕਤ ਕੀਤੀ। ਸਭ ਨੇ ਇਕ ਸੁਰ ਵਿੱਚ ਇਸ ਗੱਲ ਨੂੰ ਸਹਿਮਤ ਨਾਲ ਕਿਹਾ ਕਿ ਨਿਊਜ਼ੀਲੈਂਡ ਵਿੱਚ ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਦੇ ਸੰਰੱਖਣ ਲਈ ਇਸ ਤਰ੍ਹਾਂ ਦੇ ਕਾਰਜ ਮਹੱਤਵਪੂਰਨ ਹਨ।
ਸਹਿਯੋਗੀਆਂ ਦਾ ਧੰਨਵਾਦ
ਨਵਤੇਜ ਰੰਧਾਵਾ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਖ਼ਾਸ ਤੌਰ ’ਤੇ ਹੇਠ ਲਿਖੇ ਸਹਿਯੋਗੀਆਂ ਦਾ ਧੰਨਵਾਦ ਕੀਤਾ:
ਪਰਮਿੰਦਰ ਸਿੰਘ ਪਾਪਾਟੋਏਟੋਏ, ਹਰਜਿੰਦਰ ਸਿੰਘ ਬਸਿਆਲਾ, RHYTHM School of Indian Music ਦੇ ਮਨਜੀਤ ਸਿੰਘ, Nand Charitable Trust, Harcourts ਤੋਂ Daljinder Pangly, NZ Game, Indo Kiwi, Bigmart, Pardesi Force Club, Capital Finance, Zenith Immigration Solutions ਅਤੇ ਹੋਰ ਸਹਿਯੋਗੀ ਸੰਸਥਾਵਾਂ।
ਭਵਿੱਖ ਵਿੱਚ ਵੱਡੇ ਪੱਧਰ ਤੇ ਸਮਾਗਮ ਦਾ ਐਲਾਨ
ਆਯੋਜਕਾਂ ਨੇ ਐਲਾਨ ਕੀਤਾ ਕਿ ਪੰਜਾਬੀ ਕਮਿਊਨਿਟੀ ਦੀ ਵਧ ਰਹੀ ਦਿਲਚਸਪੀ ਨੂੰ ਦੇਖਦਿਆਂ ਅਗਲੇ ਸਾਲ ਪੰਜਾਬ ਡੇ ਨੂੰ ਹੋਰ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ ਅਤੇ ਇਸਨੂੰ ਸਲਾਨਾ ਰਿਵਾਇਤ ਦੇ ਰੂਪ ਵਿੱਚ ਅੱਗੇ ਵਧਾਇਆ ਜਾਵੇਗਾ।
Related posts
- Comments
- Facebook comments
