ਡੁਨੀਡਿਨ (ਨਿਊਜ਼ੀਲੈਂਡ) — ਨਿਊਜ਼ੀਲੈਂਡ ਵਿੱਚ ਮੋਬਾਈਲ ਟੈਕਨਾਲੋਜੀ ਦੇ ਇਕ ਨਵੇਂ ਦੌਰ ਦੀ ਸ਼ੁਰੂਆਤ ਹੋ ਰਹੀ ਹੈ। ਟੈਲੀਕਮ ਕੰਪਨੀ One NZ ਵੱਲੋਂ ਆਪਣਾ 3G ਮੋਬਾਈਲ ਨੈੱਟਵਰਕ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਡੁਨੀਡਿਨ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਹੈ ਜਿੱਥੇ 3G ਸੇਵਾ ਅਧਿਕਾਰਕ ਤੌਰ ‘ਤੇ ਖਤਮ ਕੀਤੀ ਜਾ ਰਹੀ ਹੈ।
ਕੰਪਨੀ ਅਨੁਸਾਰ, ਪੁਰਾਣੀ 3G ਤਕਨੀਕ ਨੂੰ ਹਟਾ ਕੇ 4G ਅਤੇ 5G ਨੈੱਟਵਰਕਾਂ ਨੂੰ ਹੋਰ ਮਜ਼ਬੂਤ ਅਤੇ ਤੇਜ਼ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਨਾਲ ਗਾਹਕਾਂ ਨੂੰ ਬਿਹਤਰ ਕਵਰੇਜ, ਤੇਜ਼ ਇੰਟਰਨੈੱਟ ਗਤੀ ਅਤੇ ਭਰੋਸੇਯੋਗ ਸੇਵਾਵਾਂ ਮਿਲਣਗੀਆਂ।
One NZ ਨੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਦੇ ਮੋਬਾਈਲ ਫੋਨ ਜਾਂ ਹੋਰ ਡਿਵਾਈਸ ਹਾਲੇ ਵੀ 3G ‘ਤੇ ਨਿਰਭਰ ਹਨ, ਉਹ ਸਮੇਂ ਸਿਰ 4G ਜਾਂ 5G ਸਮਰਥਿਤ ਡਿਵਾਈਸ ਵੱਲ ਰੁਖ ਕਰਨ। ਖਾਸ ਤੌਰ ‘ਤੇ ਬੁਜ਼ੁਰਗ ਲੋਕਾਂ ਦੇ ਫੋਨ, ਪੁਰਾਣੇ ਮੋਡਮ, ਕਾਰਾਂ ਦੇ ਐਮਰਜੈਂਸੀ ਸਿਸਟਮ ਅਤੇ ਕੁਝ ਅਲਾਰਮ ਸਿਸਟਮ ਇਸ ਤਬਦੀਲੀ ਨਾਲ ਪ੍ਰਭਾਵਿਤ ਹੋ ਸਕਦੇ ਹਨ।
ਗੌਰਤਲਬ ਹੈ ਕਿ ਸਿਰਫ One NZ ਹੀ ਨਹੀਂ, ਸਗੋਂ Spark ਅਤੇ 2degrees ਵੀ ਆਪਣੀਆਂ 3G ਸੇਵਾਵਾਂ ਨੂੰ ਹੌਲੀ-ਹੌਲੀ ਬੰਦ ਕਰ ਰਹੀਆਂ ਹਨ। ਦੇਸ਼ ਭਰ ਵਿੱਚ ਇਹ ਪ੍ਰਕਿਰਿਆ ਮਾਰਚ 2026 ਤੱਕ ਪੂਰੀ ਹੋਣ ਦੀ ਉਮੀਦ ਹੈ।
ਟੈਲੀਕਮ ਵਿਸ਼ੇਸ਼ਗਿਆਨ ਮੁਤਾਬਕ, 3G ਨੈੱਟਵਰਕ ਦਾ ਖਾਤਮਾ ਡਿਜ਼ਿਟਲ ਵਿਕਾਸ ਵੱਲ ਇਕ ਲਾਜ਼ਮੀ ਕਦਮ ਹੈ, ਪਰ ਉਪਭੋਗਤਾਵਾਂ ਲਈ ਇਹ ਜ਼ਰੂਰੀ ਹੈ ਕਿ ਉਹ ਸਮੇਂ ਰਹਿੰਦੇ ਆਪਣੀ ਤਕਨੀਕ ਨੂੰ ਅਪਡੇਟ ਕਰਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸੰਚਾਰ ਸਮੱਸਿਆ ਤੋਂ ਬਚਿਆ ਜਾ ਸਕੇ
