ਆਕਲੈਂਡ (ਐੱਨ ਜੈੱਡ ਤਸਵੀਰ) ਇਮੀਗ੍ਰੇਸ਼ਨ ਨਿਊਜ਼ੀਲੈਂਡਨੇ ਖੁਲਾਸਾ ਕੀਤਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਵਿਭਾਗ ਨੇ ਆਪਣੇ ਕਰਮਚਾਰੀਆਂ ਖ਼ਿਲਾਫ਼ ਲੱਗੇ ਕੁੱਲ 146 ਦੋਸ਼ਾਂ ਦੀ ਜਾਂਚ ਕੀਤੀ। ਇਨ੍ਹਾਂ ਵਿੱਚੋਂ 47 ਮਾਮਲਿਆਂ ਵਿੱਚ ਕਰਮਚਾਰੀਆਂ ‘ਤੇ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਗਈ ਕਿਉਂਕਿ ਉਨ੍ਹਾਂ ਨੇ ਸੰਸਥਾ ਦੇ ਇਮਾਨਦਾਰੀ (ਇੰਟੀਗ੍ਰਿਟੀ) ਨਾਲ ਸੰਬੰਧਿਤ ਮਿਆਰਾਂ ਦੀ ਉਲੰਘਣਾ ਕੀਤੀ ਸੀ।
ਹਾਲਾਂਕਿ ਇਮੀਗ੍ਰੇਸ਼ਨ ਨੇ ਹਰ ਮਾਮਲੇ ਦੇ ਵਿਸਥਾਰ ਸਾਂਝੇ ਨਹੀਂ ਕੀਤੇ, ਪਰ ਵਿਭਾਗ ਦਾ ਕਹਿਣਾ ਹੈ ਕਿ ਇੰਟੀਗ੍ਰਿਟੀ ਨਾਲ ਜੁੜੇ ਮਸਲੇ ਅਕਸਰ ਬੇਈਮਾਨੀ, ਸਵਾਰਥ ਟਕਰਾਅ (ਕਾਨਫਲਿਕਟ ਆਫ ਇੰਟਰੈਸਟ) ਦੀ ਜਾਣਕਾਰੀ ਨਾ ਦੇਣਾ, ਸਰਕਾਰੀ ਸਿਸਟਮਾਂ ਦੀ ਗਲਤ ਵਰਤੋਂ ਜਾਂ ਧੋਖਾਧੜੀ ਵਰਗੇ ਮਾਮਲਿਆਂ ਨਾਲ ਸੰਬੰਧਿਤ ਹੋ ਸਕਦੇ ਹਨ।
ਇਮੀਗ੍ਰੇਸ਼ਨ ਦੀ ਮੁਖੀ ਐਲਿਸਨ ਮੈਕਡੋਨਲਡ ਨੇ ਦੱਸਿਆ ਕਿ ਹਾਲੀਆ ਸਮੇਂ ਵਿੱਚ ਕਿਸੇ ਵੀ ਕਰਮਚਾਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਨੌਕਰੀ ਤੋਂ ਨਹੀਂ ਕੱਢਿਆ ਗਿਆ। ਉਨ੍ਹਾਂ ਦੇ ਅਨੁਸਾਰ 2021 ਤੋਂ ਬਾਅਦ ਜਿਨ੍ਹਾਂ 47 ਮਾਮਲਿਆਂ ਨੂੰ ਪੂਰੀ ਜਾਂ ਅੰਸ਼ਿਕ ਤੌਰ ‘ਤੇ ਸਹੀ ਮੰਨਿਆ ਗਿਆ, ਉਨ੍ਹਾਂ ਵਿੱਚ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ, ਕੁਝ ਨੂੰ ਚੇਤਾਵਨੀ ਦਿੱਤੀ ਗਈ ਅਤੇ ਕਈਆਂ ਨੂੰ ਵਧੇਰੇ ਟ੍ਰੇਨਿੰਗ ਜਾਂ ਲਿਖਤੀ ਹਦਾਇਤਾਂ ਦਿੱਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਮਿਨਿਸਟਰੀ ਆਫ ਬਿਜ਼ਨਸ, ਇਨੋਵੇਸ਼ਨ ਐਂਡ ਐਮਪਲਾਇਮੈਂਟ ਜਿਸ ਦੇ ਅਧੀਨ INZ ਕੰਮ ਕਰਦਾ ਹੈ, ਧੋਖਾਧੜੀ, ਭ੍ਰਿਸ਼ਟਾਚਾਰ, ਬੇਈਮਾਨੀ ਜਾਂ ਹਿਰਾਸਾਨੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦਾ। ਕਿਸੇ ਵੀ ਦੋਸ਼ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਜਾਣਕਾਰੀ ਮਿਲਦੇ ਹੀ ਤੁਰੰਤ ਜਾਂਚ ਸ਼ੁਰੂ ਕੀਤੀ ਜਾਂਦੀ ਹੈ।
INZ ਦੇ ਕਰਮਚਾਰੀਆਂ ਨੂੰ ਨੌਕਰੀ ਦੀ ਸ਼ੁਰੂਆਤ ਵੇਲੇ ਅਤੇ ਬਾਅਦ ਵਿੱਚ ਵੀ ਇੰਟੀਗ੍ਰਿਟੀ, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਨੀਤੀਆਂ ਬਾਰੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕਰਮਚਾਰੀਆਂ ਨੂੰ ਇਹ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਜੇ ਉਨ੍ਹਾਂ ਨੂੰ ਇਮੀਗ੍ਰੇਸ਼ਨ ਪ੍ਰਣਾਲੀ ਦੀ ਇਮਾਨਦਾਰੀ ਬਾਰੇ ਕੋਈ ਚਿੰਤਾ ਹੋਵੇ ਤਾਂ ਉਹ ਆਪਣੇ ਮੈਨੇਜਰ ਜਾਂ ਮਿਨਿਸਟਰੀ ਆਫ ਬਿਜ਼ਨਸ, ਇਨੋਵੇਸ਼ਨ ਐਂਡ ਐਮਪਲਾਇਮੈਂਟ ਦੀ ਇੰਟੀਗ੍ਰਿਟੀ ਲਾਈਨ ਰਾਹੀਂ ਇਸਦੀ ਸੂਚਨਾ ਦੇ ਸਕਦੇ ਹਨ।
ਇਸ ਤੋਂ ਇਲਾਵਾ ਆਮ ਲੋਕ ਵੀ ਕਿਸੇ ਸ਼ੱਕੀ ਗਤੀਵਿਧੀ ਬਾਰੇ ਜਾਣਕਾਰੀ 0800 33 77 33 ‘ਤੇ ਕਾਲ ਕਰਕੇ, integrity@mbie.govt.nz ‘ਤੇ ਈਮੇਲ ਕਰਕੇ ਜਾਂ Crime Stoppers ਰਾਹੀਂ ਦੇ ਸਕਦੇ ਹਨ।
