ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਨਵੀਂ ਫ਼ਿਲਮ ‘ਸਿਰਫਿਰਾ’ ਦੀ ਕੋ-ਸਟਾਰ ਰਾਧਿਕਾ ਮਦਾਨ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ। ਅਕਸ਼ੈ ਨੇ ਦੱਸਿਆ ਕਿ ਕਿਵੇਂ ਇਸ ਫ਼ਿਲਮ ’ਚ ਮਹਾਰਾਸ਼ਟਰੀ ਕੁੜੀ ਬਣਨ ਲਈ ਰਾਧਿਕਾ ਨੇ ਮਿਹਨਤ ਕੀਤੀ ਤੇ ਖੁਦ ਨੂੰ ਇਸ ਕਿਰਦਾਰ ’ਚ ਢਾਲਿਆ ਹੈ। ਦੱਸਣਯੋਗ ਹੈ ‘ਸਿਰਫਿਰਾ’ ’ਚ ਰਾਧਿਕਾ ਨੇ ਰਾਣੀ ਵਜੋਂ ਉਤਸ਼ਾਹੀ ਮਹਾਰਾਸ਼ਟਰੀ ਮੁਟਿਆਰ ਦਾ ਕਿਰਦਾਰ ਨਿਭਾਇਆ ਹੈ, ਜੋ ਹਰ ਮੁਸ਼ਕਿਲ ਦਾ ਦ੍ਰਿੜ੍ਹ ਇਰਾਦੇ ਨਾਲ ਸਾਹਮਣਾ ਕਰਦੀ ਹੈ। ਅਕਸ਼ੈ ਦਾ ਕਹਿਣਾ ਹੈ ਕਿ ਰਾਧਿਕਾ ਨੇ ਮਰਾਠੀ ਸੱਭਿਆਚਾਰ ਦੀਆਂ ਬਾਰੀਕੀਆਂ ਨੂੰ ਸਮਝਿਆ ਤੇ ਆਪਣੇ ਕਿਰਦਾਰ ਰਾਹੀਂ ਉਨ੍ਹਾਂ ਦਾ ਬਾਖੂਬੀ ਚਿਤਰਣ ਕੀਤਾ ਹੈ। ਅਕਸ਼ੈ ਨੇ ਰਾਧਿਕਾ ਦੀ ਅਦਾਕਾਰੀ ਦੀ ਤਾਰੀਫ਼ ਕਰਦਿਆਂ ਕਿਹਾ, ‘‘ਇਹ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਸੀ, ਮੈਨੂੰ ਨਹੀਂ ਪਤਾ ਕਿ ਤੁਸੀਂ ਸਾਰੇ ਉਸ ਬਾਰੇ ਕੀ ਸੋਚਦੇ ਹੋ? ਉਹ ਮਹਾਰਾਸ਼ਟਰੀ ਨਹੀਂ ਸੀ ਪਰ ਉਸ ਨੇ ਮਰਾਠੀ ਹੋਣ ਦਾ ਕਿਰਦਾਰ ਬਹੁਤ ਵਧੀਆ ਤਰੀਕੇ ਨਿਭਾਇਆ ਹੈ, ਉਹ ਬਹੁਤ ਵਧੀਆ ਮਰਾਠੀ ਬੋਲੀ ਹੈ। ਉਸ ਦੀ ਭਾਸ਼ਾ ਬਹੁਤ ਵਧੀਆ ਸੀ ਤੇ ਉਸ ਨੇ ਮਰਾਠੀ ਸਿੱਖਣ ਲਈ ਕਲਾਸਾਂ ਵੀ ਲਾਈਆਂ ਜਿਸ ਲਈ ਉਸ ਨੇ ਕਾਫੀ ਮਿਹਨਤ ਕੀਤੀ ਹੈ।’’ ਦੱਸਣਯੋਗ ਹੈ ਕਿ ‘ਸਿਰਫਿਰਾ’ ਤਾਮਿਲ ਫ਼ਿਲਮ ‘ਸੁਰਾਰਾਈ ਪੋਟਰੂ’ ਦਾ ਰੀਮੇਕ ਹੈ। ਇਹ ਫ਼ਿਲਮ 12 ਜੁਲਾਈ ਨੂੰ ਰਿਲੀਜ਼ ਹੋਵੇਗੀ।
Related posts
- Comments
- Facebook comments