ਜੰਮੂ ਕਸ਼ਮੀਰ ਤੇ ਪੰਜਾਬ ਦੇ ਬੀਐੱਸਐੱਫ ਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਅੰਤਰਰਾਜੀ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ ਅਤੇ ਸੂਚਨਾਵਾਂ ਸਾਂਝੀਆਂ ਕਰਨ ਤੇ ਕੌਮਾਂਤਰੀ ਸਰਹੱਦ ’ਤੇ ਘੁਸਪੈਠ ਰੋਕਣ ਲਈ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੇ ਢੰਗਾਂ ’ਤੇ ਚਰਚਾ ਕੀਤੀ। ਤਿੰਨ ਦਿਨ ਪਹਿਲਾਂ ਕਠੂਆ ਵਿੱਚ ਕੀਤੇ ਗਏ ਅਤਿਵਾਦੀ ਹਮਲੇ ’ਚ ਪੰਜ ਜਵਾਨ ਸ਼ਹੀਦ ਹੋ ਗਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਅੰਤਰਰਾਜੀ ਸੁਰੱਖਿਆ ਸਮੀਖਿਆ ਮੀਟਿੰਗ ਇਸ ਸੂਚਨਾ ਦੀ ਪਿੱਠ ਭੂਮੀ ’ਚ ਹੋਈ ਹੈ ਕਿ ਲੰਘੇ ਸੋਮਵਾਰ ਨੂੰ ਸੈਨਾ ਦੀ ਪੈਟਰੋਲਿੰਗ ਟੀਮ ’ਤੇ ਹਮਲਾ ਕਰਨ ਵਾਲੇ ਅਤਿਵਾਦੀ ਕੌਮਾਂਤਰੀ ਸਰਹੱਦ ਰਾਹੀਂ ਜੰਮੂ ਖੇਤਰ ਦੇ ਕਠੂਆ ਤੇ ਸਾਂਬਾ ਜਾਂ ਪੰਜਾਬ ਦੇ ਪਠਾਨਕੋਟ ’ਚ ਘੁਸਪੈਠ ਕਰ ਸਕਦੇ ਹਨ। ਇਹ ਮੀਟਿੰਗ ਕਠੂਆ ’ਚ ਜ਼ਿਲ੍ਹਾ ਪੁਲੀਸ ਲਾਈਨ ਵਿੱਚ ਬੀਐੱਸਐੱਫ ਦੀ ਪੱਛਮੀ ਕਮਾਨ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਯਾਈ ਬੀ ਖੁਰੱਈਆ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਤੇ ਪੰਜਾਬ ’ਚ ਕੌਮਾਂਤਰੀ ਸਰਹੱਦ ’ਤੇ ਸੁਰੱਖਿਆ ਗਰਿੱਡ ਦੀ ਸਮੀਖਿਆ ਕੀਤੀ ਗਈ ਅਤੇ ਨਾਲ ਹੀ ਪਾਕਿਸਤਾਨ ਤੋਂ ਘੁਸਪੈਠ ਰੋਕਣ ਲਈ ਕਿਸੇ ਵੀ ਤਰ੍ਹਾਂ ਦੀ ਖਾਮੀ ਦੂਰ ਕਰਨ ਬਾਰੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਜੰਮੂ ਕਸ਼ਮੀਰ ਦੇ ਡੀਜੀਪੀ ਆਰਆਰ ਸਵੈਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹਾਜ਼ਰ ਸਨ। ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਤੇ ਸਰਹੱਦੀ ਸੁਰੱਖਿਆ ਏਜੰਸੀਆਂ ਵਿਚਾਲੇ ਤਾਲਮੇਲ ਮਜ਼ਬੂਤ ਕਰਨ ਅਤੇ ਸੂਚਨਾਵਾਂ ਸਾਂਝੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਦਹਿਸ਼ਤੀ ਖਤਰਿਆਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਲਈ ਤਾਲਮੇਲ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਗਿਆ।
ਮੀਟਿੰਗ ਵਿੱਚ ਜੰਮੂ ਕਸ਼ਮੀਰ ਦੇ ਏਡੀਜੀਪੀ (ਅਮਨ ਤੇ ਕਾਨੂੰਨ) ਵਿਜੈ ਕੁਮਾਰ, ਪੰਜਾਬ ਦੇ ਏਡੀਜੀ (ਅਮਨ ਤੇ ਕਾਨੂੰਨ) ਅਰਪਿਤ ਸ਼ੁਕਲਾ, ਏਡੀਜੀ (ਜੰਮੂ ਜ਼ੋਨ) ਆਨੰਦ ਜੈਨ ਅਤੇ ਪੰਜਾਬ ਤੇ ਜੰਮੂ ਤੋਂ ਬੀਐੱਸਐੱਫ ਦੇ ਅਧਿਕਾਰੀ ਵੀ ਹਾਜ਼ਰ ਸਨ।
