ਆਕਲੈਂਡ (ਐੱਨ ਜੈੱਡ ਤਸਵੀਰ) ਸਿੱਖ ਕਾਉਂਸਲ ਆਫ ਨਿਊਜ਼ੀਲੈਂਡ ਦੇ ਸੱਦੇ ਤੇ ਆਏ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ਆਪਣੀ ਇਕ ਮਹੀਨੇ ਦੀ ਸਫਲ ਪ੍ਰਚਾਰ ਫੇਰੀ ਤੋਂ ਬਾਦ ਪਾਕਿਸਤਾਨ ਪਹੁੰਚ ਗਏ ਹਨ। ਆਪਣੀ ਪ੍ਰਚਾਰ ਫੇਰੀ ਦੌਰਾਨ ਭਾਈ ਰਣਜੀਤ ਸਿੰਘ ਨੇ ਆਕਲੈਂਡ ਦੇ ਵੱਖ ਵੱਖ ਗੁਰਦੁਆਰਿਆਂ ਦੇ ਨਾਲ ਨਾਲ ਹੈਮਿਲਟਨ ਅਤੇ ਟੌਰੰਗਾ ਦੇ ਗੁਰਦੁਆਰਿਆਂ ਵਿਚ ਵੀ ਹਾਜਰੀ ਭਰੀ ਅਤੇ ਸੰਗਤਾਂ ਨੂੰ ਪਾਕਿਸਤਾਨ ਵਿਚ ਵੱਸਦੀ ਸਿਖ ਸੰਗਤ ਅਤੇ ਉਥੇ ਦੇ ਗੁਰਦੁਆਰਿਆਂ ਦੇ ਰੱਖ-ਰੱਖਾਵ ਬਾਰੇ ਜਾਣੂ ਕਰਵਾਇਆ। ਅਖੀਰਲੇ ਦੱਸ ਦਿਨਾਂ ਦੌਰਾਨ ਪਾਕਿਸਤਾਨ ਦੇ ਵੱਕਫ ਬੋਰਡ ਦੇ ਮੈਂਬਰ ਸੋਹੇਲ ਅਹਿਮਦ ਰਜ਼ਾ ਵੀ ਇਥੇ ਪਹੁੰਚੇ ਅਤੇ ਭਾਈ ਰਣਜੀਤ ਸਿੰਘ ਦੇ ਨਾਲ ਸਿਖ ਸੰਗਤਾਂ ਨੂੰ ਸੰਬੋਧਤ ਹੁੰਦੇ ਰਹੇ। ਇਸ ਪ੍ਰਚਾਰ ਫੇਰੀ ਨੂੰ ਆਰਗੇਨਾਈਜ਼ ਕਰਣ ਪਿਛੇ ਸਿੱਖ ਕਾਉਂਸਲ ਆਫ ਨਿਉਜ਼ੀਲੈਂਡ ਦਾ ਮੁੱਖ ਟੀਚਾ ਸਿਖਾਂ ਦੇ ਇਤਿਹਾਸਕ ਅਸਥਾਨਾਂ ਵੱਲ ਕੌਮ ਦਾ, ਖਾਸ ਕਰਕੇ ਨਵੀਂ ਪੀੜੀ ਦਾ, ਧਿਆਨ ਦਵਾਉਣਾ ਸੀ। ਦੂਜਾ ਟੀਚਾ ਦੱਖਣੀ ਏਸ਼ੀਆ ਵਿਚ ਜਿਹੜੇ ਨਫਰਤੀ ਪ੍ਰਚਾਰ ਚੱਲ ਰਹੇ ਹਨ ਉਹਨਾਂ ਖਿਲਾਫ ਅਮਨ-ਅਮਾਨ ਦਾ ਮੋਰਚਾ ਤਾਕਤਵਰ ਕਰਨ ਵਿਚ ਸਿਖਾਂ ਦਾ ਗੁਰੂ ਵਲੋਂ ਮਿਥਿਆ ਰੋਲ ਨਿਭਾਉਣ ਦਾ ਸੀ। ਭਾਈ ਰਣਜੀਤ ਸਿੰਘ ਨੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ (ਪਾਪਾਕੂਰਾ), ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ (ਪਾਪਾਟੋਏਟੋਏ), ਗੁਰਦੁਆਰਾ ਸਾਹਿਬ ਓਟਾਹੁਹੂ, ਗੁਰਦੁਆਰਾ ਸਾਹਿਬ ਬੰਬੇ ਹਿੱਲ, ਗੁਰਦੁਆਰਾ ਸਾਹਿਬ ਟਾਕਾਨੀਨੀ, ਗੁਰਦੁਆਰਾ ਸਾਹਿਬ ਹੈਮਿਲਟਨ ਅਤੇ ਗੁਰਦੁਆਰਾ ਸਿਖ ਸੰਗਤ ਟੌਰੰਗਾ ਵਿਖੇ ਹਾਜਰੀ ਭਰੀ। ਇਸ ਤੋਂ ਇਲਾਵਾ ਪਾਕਿਸਤਾਨ ਅੇਸੋਸੀਏਸ਼ਨ ਵਲੋਂ ਰੱਖੇ ਪ੍ਰੋਗਰਾਮ ਵਿਚ ਵੀ ਸਿੱਖ ਕਾਉਂਸਲ ਦੇ ਮੈਂਬਰਾਨ ਨਾਲ ਸੋਹੇਲ ਅਹਿਮਦ ਰਜ਼ਾ ਅਤੇ ਭਾਈ ਰਣਜੀਤ ਸਿੰਘ ਨੇ ਹਾਜਰੀ ਭਰੀ। ਸਿੱਖ ਕਾਉਂਸਲ ਨੇ ਇਕ ਸ਼ੁਰੂਆਤੀ ਪ੍ਰੋਗਰਾਮ ਸਿਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦਾ ਵੀ ਆਰਗੇਨਾਈਜ਼ ਕੀਤਾ ਜਿਸ ਦਾ ਟੀਚਾ ਆਪਸੀ ਨਫਰਤਾਂ ਅਤੇ ਵੰਡੀਆਂ ਤੋਂ ਉਪਰ ਉੱਠ ਕੇ ਆਪਸੀ ਸਾਂਝਾਂ ਨੂੰ ਵਧਾਉਣ ਦਾ ਸੀ। ਇਸ ਪ੍ਰੋਗਰਾਮ ਨੂੰ ਸਲਾਨਾ ਕਲੰਡਰ ਦਾ ਹਿਸਾ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਅਗਲੀ ਪੀੜੀ ਲਈ ਅੱਜ ਨਾਲੋਂ ਸੋਹਣੀ ਦੁਨੀਆ ਦਾ ਨਿਰਮਾਣ ਕੀਤਾ ਜਾ ਸਕੇ।
ਇਥੇ ਅਸੀਂ ਖਾਸ ਜ਼ਿਕਰ ਕਰਨਾ ਚਾਹਾਂਗੇ ਨਿਉਜ਼ੀਲੈਂਡ ਦੇ ਮੁਢਲੇ ਸਿੱਖ ਜਿੰਮੀਦਾਰ ਪਰਿਵਾਰਾਂ ਦਾ ਜਿਹੜੇ ਉਹਨਾਂ ਸਮਿਆਂ ਵਿਚ ਇਥੇ ਵੱਸ ਗਏ ਸਨ ਜਦੋਂ ਲਹਿੰਦਾ ਅਤੇ ਚੜ੍ਹਦਾ ਪੰਜਾਬ ਇਕ ਸਨ। ਉਹਨਾਂ ਪਰਿਵਾਰਾਂ ਦੇ ਦਿਲਾਂ ਵਿਚ ਅੱਜ ਵੀ ਪੰਜਾਬ ਇਕ ਹੀ ਹੈ। ਜਦੋਂ ਭਾਈ ਰਣਜੀਤ ਸਿੰਘ ਨੇ ਇਹਨਾਂ ਪਰਿਵਾਰਾਂ ਵਿਚੋਂ ਸਰਦਾਰ ਸਰਦੂਲ ਸਿੰਘ ਬੈਂਸ ਅਤੇ ਸਰਦਾਰ ਸੁਰਜੀਤ ਸਿੰਘ ਬਿੰਦਰਾ ਦੇ ਘਰੀਂ ਫੇਰੀ ਪਾਈ ਤਾਂ ਮਹੌਲ ਬਹੁਤ ਹੀ ਭਾਵੁਕ ਹੋ ਗਿਆ ਸੀ। ਆਏ ਮਹਿਮਾਨਾਂ ਨੇ ਸ. ਪਰਮਜੀਤ ਸਿੰਘ ਢੱਟ ਹੋਰਾਂ ਦੀ ਵੱਡੀ ਕਿਸ਼ਤੀ ‘ਤੇ ਸੈਰ ਸਪਾਟੇ ਦਾ ਅਨੰਦ ਵੀ ਮਾਣਿਆ ਅਤੇ ਨਿਉਜ਼ੀਲੈਂਡ ਦੀ ਕੁਦਰਤੀ ਸੁੰਦਰਤਾ ਦਾ ਨਜਾਰਾ ਲਿਆ।
ਅਖੀਰ ਵਿਚ ਅਦਾਰਾ ਸਿਖ ਕਾਉਂਸਲ ਆਫ ਨਿਉਜ਼ੀਲੈਂਡ ਇਹੀ ਆਸ ਕਰਦਾ ਹੈ ਕਿ ਸਿੱਖ ਸੰਗਤਾਂ ਜਿਥੇ ਵੀ ਵੱਸ ਰਹੀਆਂ ਨੇ ਉਹ ਹਰੇਕ ਥਾਂ ਗੁਰੂ ਦੇ ਆਦੇਸ਼ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” ਤੇ ਪਹਿਰਾ ਦਿੰਦੇ ਰਹਿਣਗੇ ਅਤੇ ਸਰਬੱਤ ਦੇ ਭਲੇ ਲਈ ਕੋਸ਼ਿਸ਼ਾਂ ਕਰਦੇ ਰਹਿਣਗੇ।