ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ ਯੂਨੀਵਰਸਿਟੀ ਨੇ ਕੇਵਲ ਇੱਕ ਸੈਮੇਸਟਰ ਬਾਅਦ ਉਹ ਫੈਸਲਾ ਵਾਪਸ ਲੈ ਲਿਆ ਹੈ ਜਿਸ ਤਹਿਤ ਵਾਈਟੈਂਗੀ ਦੀ ਸੰਧੀ ਬਾਰੇ ਇਕ ਪੇਪਰ ਸਭ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਲਾਜ਼ਮੀ ਕੀਤਾ ਗਿਆ ਸੀ।
ਯੂਨੀਵਰਸਿਟੀ ਨੇ ਕਿਹਾ ਕਿ ਵਾਈਪਾਪਾ ਤਾਉਮਾਤਾ ਰਾਊ (Waipapa Taumata Rau – WTR) ਕੋਰਸ ਹੁਣ ਅਗਲੇ ਸਾਲ ਤੋਂ ਵਿਕਲਪਿਕ (optional) ਹੋਵੇਗਾ, ਕਿਉਂਕਿ ਵਿਦਿਆਰਥੀਆਂ ਤੇ ਸਟਾਫ ਤੋਂ ਮਿਲੇ ਵਿਆਪਕ ਫੀਡਬੈਕ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ।
ਹਾਲਾਂਕਿ, ਯੂਨੀਵਰਸਿਟੀ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਉਹ ਉਹਨਾਂ ਵਿਦਿਆਰਥੀਆਂ ਨੂੰ ਰਿਫੰਡ ਨਹੀਂ ਦੇਵੇਗੀ ਜਿਨ੍ਹਾਂ ਨੂੰ ਇਹ ਕੋਰਸ ਇਸ ਸਾਲ ਦੇ ਪਹਿਲੇ ਸੈਮੇਸਟਰ ਵਿੱਚ ਲਾਜ਼ਮੀ ਤੌਰ ’ਤੇ ਕਰਨਾ ਪਿਆ ਸੀ।
ਐਕਟ ਪਾਰਟੀ ਦੀ ਤਰਫੋਂ ਉੱਚ ਸਿੱਖਿਆ ਮਾਮਲਿਆਂ ਦੀ ਬੁਲਾਰਾ ਪਰਮਜੀਤ ਪਰਮਾਰ ਨੇ ਇਸ ਕਦਮ ਨੂੰ “ਵਿਦਿਆਰਥੀਆਂ ਦੀ ਚੋਣ ’ਤੇ ਜਿੱਤ” ਦੱਸਿਆ ਅਤੇ ਕਿਹਾ ਕਿ ਇਹ “ਟਰੀਟੀ ਆਈਡਿਓਲੋਜੀ ਉੱਤੇ ਵੱਡੀ ਜਿੱਤ” ਹੈ।
ਮਾਰਚ ਵਿੱਚ ਸ਼ੁਰੂ ਕੀਤਾ ਗਿਆ ਇਹ WTR ਪੇਪਰ ਸਾਰੇ ਅੰਡਰਗ੍ਰੈਜੂਏਟ ਡਿਗਰੀਆਂ ਲਈ ਲਾਜ਼ਮੀ ਹਿੱਸਾ ਸੀ, ਜਿਸ ਵਿੱਚ ਵਾਈਟੈਂਗੀ ਦੀ ਸੰਧੀ, ਟੀਕਾਂਗਾ ਮਾਓਰੀ) ਅਤੇ ਮੂਲਵਾਸੀ ਗਿਆਨ ਪ੍ਰਣਾਲੀਆਂ (indigenous knowledge systems) ਬਾਰੇ ਸਿੱਖਿਆ ਦਿੱਤੀ ਜਾਂਦੀ ਸੀ।
ਮਾਰਚ ਵਿੱਚ ਯੂਨੀਵਰਸਿਟੀ ਨੇ ਆਰਐੱਨਜੈੱਡ ਨੂੰ ਦੱਸਿਆ ਸੀ ਕਿ 7000 ਤੋਂ ਵੱਧ ਵਿਦਿਆਰਥੀ, ਜਿਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਸਨ, ਇਹ ਕੋਰਸ ਕਰਨਗੇ।
ਪਰਮਾਰ ਨੇ ਕਿਹਾ ਕਿ ਇਹ ਯੂ-ਟਰਨ ਦਿਖਾਉਂਦਾ ਹੈ ਕਿ ਸ਼ੁਰੂਆਤੀ ਫੈਸਲਾ “ਵੱਡੀ ਗਲਤੀ” ਸੀ। ਉਹ ਕਹਿੰਦੀ ਹੈ, “ਪਿਛਲੇ ਕਈ ਮਹੀਨਿਆਂ ਤੋਂ ਇਸ ਬਾਰੇ ਵਿਰੋਧ ਵਧਦਾ ਜਾ ਰਿਹਾ ਸੀ। ਇਹ ਸਾਫ ਸੀ ਕਿ ਇਹ ਕੋਰਸ ਲਾਜ਼ਮੀ ਬਣਾਉਣਾ ਵਿਦਿਆਰਥੀਆਂ ਲਈ ਨੁਕਸਾਨਦਾਇਕ ਹੋਵੇਗਾ।”
ਉਹ ਕਹਿੰਦੀ ਹੈ ਕਿ ਇਹ ਪੇਪਰ ਬਹੁਤ ਸਾਰੇ ਡਿਗਰੀ ਪ੍ਰੋਗਰਾਮਾਂ ਨਾਲ ਕੁਦਰਤੀ ਤੌਰ ’ਤੇ ਮੇਲ ਨਹੀਂ ਖਾਂਦਾ ਸੀ ਅਤੇ ਇਸਨੂੰ ਉਸਨੇ “ਵਿਚਾਰਧਾਰਾਤਮਕ ਥੋਪਣ” ਕਿਹਾ।
ਉਸਨੇ ਕਿਹਾ, “ਇਹ ਸਿੱਖਿਆ ਦੀ ਥਾਂ ਵਿਚਾਰਧਾਰਾ ਲਾਗੂ ਕਰਨ ਵਰਗਾ ਸੀ ਕਿਉਂਕਿ ਇਹ ਪੇਪਰ ਟਰੀਟੀ ਤੇ ਟੀਕਾਂਗਾ ਬਾਰੇ ਸੀ। ਟਰੀਟੀ ਦੀ ਵਿਆਖਿਆ ਵਿਵਾਦਿਤ ਹੈ ਅਤੇ ਟੀਕਾਂਗਾ ਅਸਪਸ਼ਟ ਹੈ। ਮੈਂ ਖੁਦ ਵਿਗਿਆਨੀ ਹਾਂ ਅਤੇ ਮੈਨੂੰ ਨਹੀਂ ਲੱਗਦਾ ਕਿ ਵਿਗਿਆਨ ਵਿੱਚ ਟੀਕਾਂਗਾ ਦੀ ਕੋਈ ਥਾਂ ਹੈ।”
ਪਰਮਾਰ ਨੇ ਕਿਹਾ ਕਿ ਕਈ ਵਿਦਿਆਰਥੀਆਂ ਅਤੇ ਮਾਪਿਆਂ ਨੇ ਉਸਨੂੰ ਦੱਸਿਆ ਕਿ ਇਸ ਕੋਰਸ ਦੀ ਅਕਾਦਮਿਕ ਮਹੱਤਤਾ ਘੱਟ ਸੀ, ਇਸ ਲਈ ਹੁਣ ਉਹ ਉਹਨਾਂ ਲਈ ਰਿਫੰਡ ਦੀ ਮੰਗ ਕਰ ਰਹੀ ਹੈ ਜਿਨ੍ਹਾਂ ਨੂੰ ਮਜ਼ਬੂਰੀ ਵਿੱਚ ਇਹ ਕਰਨਾ ਪਿਆ।
ਉਸਨੇ ਕਿਹਾ, “ਇਹ ਗਲਤ ਫੈਸਲਾ ਸੀ ਅਤੇ ਯੂਨੀਵਰਸਿਟੀ ਵਿਦਿਆਰਥੀਆਂ ਲਈ ਕੁਝ ਨਹੀਂ ਕਰ ਰਹੀ, ਜੋ ਬਹੁਤ ਅਨਿਆਂ ਹੈ।”
ਉਸਨੇ ਇਹ ਵੀ ਦਰਸਾਇਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਹ ਪੇਪਰ ਕਰਨ ਲਈ $5700 ਤੱਕ, ਜਦਕਿ ਘਰੇਲੂ ਵਿਦਿਆਰਥੀਆਂ ਨੂੰ ਲਗਭਗ $1000 ਦੇਣੇ ਪਏ — ਜਿਸਨੂੰ ਉਸਨੇ “ਯੂਨੀਵਰਸਿਟੀ ਦੀ ਮਹਿੰਗੀ ਗਲਤੀ” ਕਿਹਾ।
ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਕਿ ਇਹ ਫੈਸਲਾ ਅੰਦਰੂਨੀ ਫੀਡਬੈਕ ਦੇ ਅਧਾਰ ’ਤੇ ਕੀਤਾ ਗਿਆ ਹੈ, ਨਾ ਕਿ ਬਾਹਰੀ ਦਬਾਅ ਕਰਕੇ, ਅਤੇ ਕੋਈ ਰਿਫੰਡ ਨਹੀਂ ਦਿੱਤੇ ਜਾਣਗੇ।
ਉਸਨੇ ਕਿਹਾ, “ਡਬਲਿਉਟੀਆਰ ਉਸ ਸਮੇਂ ਦੇ ਨਿਯਮਾਂ ਅਨੁਸਾਰ 2025 ਲਈ ਪ੍ਰੋਗਰਾਮਾਂ ਦਾ ਮੁੱਖ ਹਿੱਸਾ ਸੀ ਅਤੇ ਇਹ ਕ੍ਰੈਡਿਟ ਕੋਰਸ ਹੋਣ ਕਰਕੇ ਡਿਗਰੀ ਲਈ ਲਾਜ਼ਮੀ ਪੁਆਇੰਟਾਂ ਵਿੱਚ ਸ਼ਾਮਲ ਹੁੰਦਾ ਹੈ।”
ਮਸੀ ਯੂਨੀਵਰਸਿਟੀ ਦੇ ਡੀਨ ਚੇਅਰ ਪ੍ਰੋਫੈਸਰ ਮੋਹਨ ਦੁੱਤਾ ਨੇ ਕਿਹਾ ਕਿ ਕੋਰਸਾਂ ਵਿੱਚ ਤਬਦੀਲੀਆਂ ਕਰਨਾ ਆਮ ਅਕਾਦਮਿਕ ਪ੍ਰਕਿਰਿਆ ਹੈ।
ਉਸਨੇ ਕਿਹਾ, “ਅਸਲ ਚਿੰਤਾ ਦੀ ਗੱਲ ਇਹ ਹੈ ਕਿ ਐਕਟ ਪਾਰਟੀ ਅਤੇ ਪਰਮਜੀਤ ਪਰਮਾਰ ਇਸ ਮਾਮਲੇ ਨੂੰ ਰਾਜਨੀਤਿਕ ਬਣਾ ਰਹੇ ਹਨ, ਜੋ ਅਕਾਦਮਿਕ ਆਜ਼ਾਦੀ ਲਈ ਖਤਰਨਾਕ ਹੈ।”
ਉਹ ਕਹਿੰਦੇ ਹਨ ਕਿ ਰਾਜਨੀਤਿਕ ਨੇਤਾਵਾਂ ਨੂੰ ਇਹ ਨਿਰਧਾਰਤ ਕਰਨ ਦਾ ਕੋਈ ਹੱਕ ਨਹੀਂ ਕਿ ਯੂਨੀਵਰਸਿਟੀ ਕੀ ਪੜ੍ਹਾਏ ਜਾਂ ਕੀ ਨਹੀਂ।
ਉਸਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਨਿਊਜ਼ੀਲੈਂਡ ਨੂੰ ਇਸ ਲਈ ਚੁਣਦੇ ਹਨ ਕਿਉਂਕਿ ਇੱਥੇ ਮਾਓਰੀ ਗਿਆਨ ਅਤੇ ਸੰਸਕ੍ਰਿਤੀ ਬਾਰੇ ਪੜ੍ਹਾਇਆ ਜਾਂਦਾ ਹੈ।
ਮਾਰਚ ਵਿੱਚ ਚੀਨੀ ਵਿਦਿਆਰਥੀ ਸੰਘ ਦੇ ਪ੍ਰਧਾਨ ਕਾਲੀ ਜ਼ੋਉ ਨੇ ਕਿਹਾ ਸੀ ਕਿ ਚੀਨੀ ਵਿਦਿਆਰਥੀਆਂ ਵਿੱਚ ਇਸ ਕੋਰਸ ਨੂੰ ਲੈ ਕੇ ਵੱਖ-ਵੱਖ ਵਿਚਾਰ ਹਨ — ਕੁਝ ਇਸਨੂੰ ਨਿਊਜ਼ੀਲੈਂਡ ਦੀ ਸੰਸਕ੍ਰਿਤੀ ਨੂੰ ਜਾਣਨ ਦਾ ਵਧੀਆ ਤਰੀਕਾ ਮੰਨਦੇ ਹਨ, ਜਦਕਿ ਹੋਰਾਂ ਨੂੰ ਲੱਗਦਾ ਹੈ ਕਿ ਇਸ ਨਾਲ ਪੜ੍ਹਾਈ ਦਾ ਦਬਾਅ ਵੱਧ ਜਾਂਦਾ ਹੈ।
ਫਿਲੀਪੀਨਜ਼ ਤੋਂ ਆਏ ਵਿਦਿਆਰਥੀ ਈ. ਜੇ. ਦੁਰਾਲ ਮਾਗਾ, ਜੋ ਆਕਲੈਂਡ ਯੂਨੀਵਰਸਿਟੀ ਵਿੱਚ ਅਕਾਊਂਟਿੰਗ ਤੇ ਫਾਇਨੈਂਸ ਪੜ੍ਹ ਰਿਹਾ ਹੈ, ਨੇ ਕਿਹਾ ਕਿ ਉਸਨੂੰ ਕੋਰਸ ਦਾ ਮੂਲਵਾਸੀ ਗਿਆਨ ਤੇ ਸੰਸਕ੍ਰਿਤੀ ਬਾਰੇ ਹਿੱਸਾ ਔਖਾ ਤੇ ਘੱਟ ਦਿਲਚਸਪ ਲੱਗਦਾ ਹੈ, ਪਰ ਉਹ ਕਹਿੰਦਾ ਹੈ“ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਇਹ ਵਧੀਆ ਨਹੀਂ ਲੱਗਦਾ, ਪਰ ਮੈਂ ਇਹ ਕਰਾਂਗਾ ਕਿਉਂਕਿ ਇਹ ਲਾਜ਼ਮੀ ਹੈ।”
Related posts
- Comments
- Facebook comments
