ਆਕਲੈਂਡ (ਐੱਨ ਜੈੱਡ ਤਸਵੀਰ) ਆਕਲੈਂਡ ਦੀ ਇੱਕ ਐਥਨਿਕ ਫੈਸ਼ਨ ਦੁਕਾਨ ਦੇ ਕਰਮਚਾਰੀ ਮੰਗਲਵਾਰ ਨੂੰ ਦਿਨ ਦਿਹਾੜੇ ਹੋਈ ਹਥਿਆਰਬੰਦ ਲੁੱਟ ਤੋਂ ਬਾਅਦ ਗੰਭੀਰ ਸਦਮੇ ‘ਚ ਹਨ। ਲੁਟੇਰਿਆਂ ਨੇ ਦੁਕਾਨ ਦੇ ਗਹਿਣਿਆਂ ਨੂੰ ਨਿਸ਼ਾਨਾ ਬਣਾਇਆ।
ਨੌਂ ਨਕਾਬਪੋਸ਼ ਹਮਲਾਵਰ, ਜਿਨ੍ਹਾਂ ਦੇ ਹੱਥਾਂ ‘ਚ ਇੱਟਾਂ ਤੇ ਹਥੌੜੇ ਸਨ, ਮਾਊਂਟ ਰਾਸਕਿਲ ‘ਚ ਸਥਿਤ ਰੂਪਦਰਸ਼ਨ ਨਾਂ ਦੀ ਫੈਸ਼ਨ ਅਤੇ ਜੁਐਲਰੀ ਦੀ ਪ੍ਰਸਿੱਧ ਦੁਕਾਨ ‘ਚ ਦਾਖਲ ਹੋਏ। ਜਦੋਂ ਇਹ ਹਮਲਾ ਹੋਇਆ, ਉਸ ਸਮੇਂ ਦੁਕਾਨ ‘ਚ ਦੀਵਾਲੀ ਤੋਂ ਪਹਿਲਾਂ ਖਰੀਦਦਾਰੀ ਕਰਨ ਆਏ ਗਾਹਕਾਂ ਦੀ ਚਹਿਲ-ਪਹਿਲ੍ਹ ਸੀ।
ਦੁਕਾਨ ਦੇ ਡਾਇਰੈਕਟਰ ਮਹੇਸ਼ ਕੁਮਾਰ ਨੇ ਕਿਹਾ, “ਹੁਣ ਦੀਵਾਲੀ ‘ਚ ਖੁਸ਼ੀ ਕਿਥੋਂ ਰਹਿ ਗਈ? ਨੌਂ ਬੰਦੇ ਸਨਚਾਰ ਕੈਸ਼ ਕਾਊਂਟਰ ਵੱਲ ਦੌੜੇ ਤੇ ਦੋ ਟਿੱਲਾਂ ਲੈ ਗਏ, ਜਦਕਿ ਹੋਰਾਂ ਨੇ ਗਹਿਣਿਆਂ ਵਾਲਾ ਸੈਕਸ਼ਨ ਨਿਸ਼ਾਨਾ ਬਣਾਇਆ।”
ਉਹਨਾਂ ਦੱਸਿਆ ਕਿ ਲੁਟੇਰੇ ਕਾਊਂਟਰ ਦੇ ਸ਼ੀਸ਼ੇ ਨਹੀਂ ਤੋੜ ਸਕੇ, ਕਿਉਂਕਿ ਸਟਾਫ਼ ਨੇ ਤੁਰੰਤ ਫੌਗ ਕੈਨਨ ਚਾਲੂ ਕਰ ਦਿੱਤਾ, ਜਿਸ ਨਾਲ ਲੁਟੇਰੇ ਘਬਰਾ ਕੇ ਭੱਜ ਗਏ।
ਕੁਮਾਰ ਨੇ ਕਿਹਾ “ਇਹ ਘਟਨਾ ਸਾਡੀ ਸਾਰੇ ਟੀਮ ਨੂੰ ਹਿਲਾ ਗਈ ਹੈ,” । “ਇੰਨਾ ਡਰ ਅਤੇ ਚਿੰਤਾ ਹੈ ਕਿ ਅਸੀਂ ਰੋਜ਼ਾਨਾ ਦਾ ਕੰਮ ਵੀ ਢੰਗ ਨਾਲ ਨਹੀਂ ਕਰ ਸਕਦੇ। ਹੁਣ ਤਾਂ ਸਾਡੀਆਂ ਰਾਤਾਂ ਦੀ ਨੀਂਦ ਹੀ ਉੱਡ ਗਈ ਹੈ।”
ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਛੋਟੇ ਵਪਾਰੀਆਂ ‘ਤੇ ਬਹੁਤ ਵੱਡਾ ਦਬਾਅ ਪਾਂਦੀਆਂ ਹਨ।
“ਜੇ ਸਰਕਾਰ ਸੱਚਮੁੱਚ ਇਸ ਦੇਸ਼ ਦੀ ਸੁਰੱਖਿਆ ਤੇ ਸਾਖ ਬਚਾਉਣਾ ਚਾਹੁੰਦੀ ਹੈ, ਤਾਂ ਉਸਨੂੰ ਕੜੇ ਕਦਮ ਚੁੱਕਣੇ ਪੈਣਗੇ,” ਕੁਮਾਰ ਨੇ ਕਿਹਾ। “ਅਸੀਂ ਇੱਥੇ ਸੁਰੱਖਿਅਤ ਤੇ ਸ਼ਾਂਤ ਜੀਵਨ ਜੀਊਣ ਆਏ ਸਾਂ, ਪਰ ਹੁਣ ਡਰ ‘ਚ ਜੀ ਰਹੇ ਹਾਂ।”
ਮਾਊਂਟ ਰਾਸਕਿਲ ਦੇ ਐਮਪੀ ਕਾਰਲੋਸ ਚਿਊਂਗ ਨੇ ਇਸ ਹਮਲੇ ਨੂੰ “ਪੂਰੀ ਤਰ੍ਹਾਂ ਅਸਵੀਕਾਰਯੋਗ” ਕਿਹਾ। ਉਹਨਾਂ ਕਿਹਾ, “ਇਹੀ ਕਾਰਨ ਹੈ ਕਿ ਸਾਡੀ ਸਰਕਾਰ ਅਪਰਾਧ ‘ਤੇ ਸਖ਼ਤ ਰੁਖ ਅਪਣਾ ਰਹੀ ਹੈ। ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਮੁੜ ਨਾ ਹੋਣ।”
ਚਿਊਂਗ ਨੇ ਹੋਰ ਪੁਲਿਸ ਪਟਰੋਲਾਂ ਦੀ ਲੋੜ ਉਤੇ ਜ਼ੋਰ ਦਿੰਦਿਆਂ ਕਿਹਾ, “ਇਸ ਘਟਨਾ ਨੇ ਸਾਨੂੰ ਦਿਖਾਇਆ ਹੈ ਕਿ ਸੁਰੱਖਿਆ ‘ਚ ਹੋਰ ਸੁਧਾਰ ਦੀ ਜਗ੍ਹਾ ਹੈ ਤਾਂ ਜੋ ਅਜਿਹਾ ਕਦੇ ਦੁਬਾਰਾ ਨਾ ਹੋਵੇ।”
ਨਿਊਜ਼ੀਲੈਂਡ ਇੰਡਿਅਨ ਬਿਜ਼ਨਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਕੰਦਹਾਰੀ ਨੇ ਉਮੀਦ ਜਤਾਈ ਸੀ ਕਿ ਸਰਕਾਰ ਵੱਲੋਂ ਹਾਲ ਹੀ ਵਿੱਚ ਕੀਤੀਆਂ ਕ੍ਰਾਈਮ ਸਬੰਧੀ ਐਲਾਨੀਆਂ ਤੋਂ ਬਾਅਦ ਹਾਲਾਤ ਸੁਧਰਣਗੇ। ਉਹਨਾਂ ਕਿਹਾ, “ਇਹ ਬਹੁਤ ਦੁੱਖਦਾਇਕ ਹੈ। ਇਹ ਸਮੱਸਿਆ ਕਈ ਸਾਲਾਂ ਤੋਂ ਚੱਲ ਰਹੀ ਹੈ।”
ਫਰਵਰੀ ਵਿੱਚ ਨਿਆਂ ਮੰਤਰੀ ਪੌਲ ਗੋਲਡਸਮਿਥ ਨੇ ਪ੍ਰਸਤਾਵ ਰੱਖਿਆ ਸੀ ਕਿ ਦੁਕਾਨਦਾਰਾਂ ਨੂੰ ਚੋਰਾਂ ਨੂੰ ਫੜ ਕੇ ਰੋਕਣ ਦਾ ਅਧਿਕਾਰ ਦਿੱਤਾ ਜਾਵੇ, ਇਹ ਸੁਝਾਅ ਮੰਤਰੀ ਸਮਰਥਕ ਸਮੂਹ ਵੱਲੋਂ ਆਇਆ ਸੀ।
ਏਸ਼ੀਅਨ ਕਮਿਊਨਿਟੀ ਦੇ ਨੇਤਾਵਾਂ ਵਿੱਚ ਇਸ ਪ੍ਰਸਤਾਵ ‘ਤੇ ਵੱਖ-ਵੱਖ ਰਾਏ ਸਨ, ਕੁਝ ਨੇ ਇਸਨੂੰ ਛੋਟੇ ਵਪਾਰੀਆਂ ਲਈ ਲਾਭਦਾਇਕ ਦੱਸਿਆ, ਜਦਕਿ ਹੋਰਾਂ ਨੇ ਚੇਤਾਵਨੀ ਦਿੱਤੀ ਕਿ ਇਸ ਨਾਲ ਹਿੰਸਾ ਵਧ ਸਕਦੀ ਹੈ।
ਜੁਲਾਈ ਵਿੱਚ ਸਰਕਾਰ ਨੇ ਹੋਰ ਕ੍ਰਾਈਮ-ਰੋਕੂ ਐਲਾਨ ਕੀਤੇ, ਜਿਨ੍ਹਾਂ ‘ਚ ਦੁਕਾਨ ‘ਚ ਚੋਰੀ ਕਰਨ ਵਾਲਿਆਂ ਲਈ ਤੁਰੰਤ ਜੁਰਮਾਨੇ ਲਗਾਉਣ ਦਾ ਪ੍ਰਸਤਾਵ ਵੀ ਸੀ।
ਐਡਵਾਈਜ਼ਰੀ ਗਰੁੱਪ ਨੇ ਟਰੈਸਪਾਸ ਕਾਨੂੰਨ ਵਿੱਚ ਸੁਧਾਰ ਅਤੇ ਦੁਕਾਨਦਾਰਾਂ ਨੂੰ ਪੈਪਰ ਸਪਰੇ ਨਾਲ ਆਪਣੀ ਰੱਖਿਆ ਕਰਨ ਦੀ ਇਜਾਜ਼ਤ ਦੇਣ ਬਾਰੇ ਵੀ ਸਿਫ਼ਾਰਸ਼ਾਂ ਕੀਤੀਆਂ ਹਨ।
ਕੰਦਹਾਰੀ ਨੇ ਕਿਹਾ, “ਲੱਗਦਾ ਹੈ ਇਹ ਐਲਾਨ ਹਾਲੇ ਤੱਕ ਪ੍ਰਭਾਵਸ਼ਾਲੀ ਸਾਬਤ ਨਹੀਂ ਹੋਏ। ਹੁਣ ਲੋੜ ਹੈ ਕਿ ਸਰਕਾਰ ਜਲਦੀ ਅਤੇ ਸਖ਼ਤ ਕਦਮ ਚੁੱਕੇ।”
ਉਹਨਾਂ ਨੇ ਤਿਉਹਾਰਾਂ ਦੇ ਸਮੇਂ ਖ਼ਾਸ ਤੌਰ ‘ਤੇ ਸੜਕਾਂ ‘ਤੇ ਹੋਰ ਪੁਲਿਸ ਪਟਰੋਲ ਵਧਾਉਣ ਦੀ ਮੰਗ ਕੀਤੀ।
ਪੁਲਿਸ ਮੰਤਰੀ ਮਾਰਕ ਮਿਟਚੈਲ ਨੇ ਆਰਐੱਨਜੈੱਡ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਦਾ ਕਾਨੂੰਨ ਤੇ ਕਾਇਦਾ ਮਜ਼ਬੂਤ ਬਣਾਉਣਾ ਮੁੱਖ ਐਜੰਡਾ ਹੈ।
ਉਹਨਾਂ ਕਿਹਾ, “ਸਾਡੀ ਸਰਕਾਰ ਦਾ ਧਿਆਨ ਕਮਿਊਨਿਟੀਆਂ ਵਿੱਚ ਪੁਲਿਸ ਦੀ ਮੌਜੂਦਗੀ ਵਧਾਉਣ ਤੇ ਹੈ। ਐਸੇ ਬੇਮਕਸਦ ਹਿੰਸਕ ਹਮਲੇ ਪੂਰੀ ਤਰ੍ਹਾਂ ਅਸਵੀਕਾਰਯੋਗ ਹਨ ਅਤੇ ਸਰਕਾਰ ਇਸਨੂੰ ਗੰਭੀਰਤਾ ਨਾਲ ਲੈ ਰਹੀ ਹੈ।”
ਮਿਟਚੈਲ ਨੇ ਦੱਸਿਆ ਕਿ ਹੁਣ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਰਿਟੇਲ ਕ੍ਰਾਈਮ ਯੂਨਿਟਾਂ ਜਾਂ ਵਿਸ਼ੇਸ਼ ਓਪਰੇਸ਼ਨ ਚੱਲ ਰਹੇ ਹਨ ਅਤੇ ਮੁੱਖ ਸ਼ਹਿਰੀ ਇਲਾਕਿਆਂ ਵਿੱਚ ਪਟਰੋਲ ਵਧਾਈ ਗਈ ਹੈ।
ਉਹਨਾਂ ਕਿਹਾ, “ਪੁਲਿਸ ਨੇ ਇੱਕ ਨਵਾਂ ਰਿਟੇਲ ਕੋਆਰਡੀਨੇਟਰ ਵੀ ਨਿਯੁਕਤ ਕੀਤਾ ਹੈ, ਜੋ ਵੱਖ-ਵੱਖ ਜ਼ਿਲ੍ਹਿਆਂ ਨੂੰ ਰਿਟੇਲ ਅਪਰਾਧਾਂ ਨਾਲ ਨਜਿੱਠਣ ਲਈ ਰਾਹ-ਨਿਰਦੇਸ਼ ਦੇਵੇਗਾ ਅਤੇ ਵਪਾਰੀਆਂ ਨਾਲ ਭਰੋਸਾ ਮਜ਼ਬੂਤ ਕਰੇਗਾ।”
ਮਿਟਚੈਲ ਨੇ ਮੰਨਿਆ ਕਿ ਰਿਟੇਲ ਕ੍ਰਾਈਮ ਘਟਾਉਣ ਲਈ ਹਾਲੇ ਵੀ ਕਾਫ਼ੀ ਕੰਮ ਬਾਕੀ ਹੈ ਅਤੇ ਦੁਕਾਨਦਾਰਾਂ ਨੂੰ ਫੇਸਿਅਲ ਰਿਕਗਨੀਸ਼ਨ ਵਰਗੀ ਤਕਨਾਲੋਜੀ ਵਰਤਣ ਲਈ ਉਤਸ਼ਾਹਿਤ ਕੀਤਾ।
ਪੁਲਿਸ ਨੇ ਪੁਸ਼ਟੀ ਕੀਤੀ ਕਿ ਰੂਪਦਰਸ਼ਨ ‘ਤੇ ਹੋਏ ਹਥਿਆਰਬੰਦ ਹਮਲੇ ਦੀ ਜਾਂਚ ਜਾਰੀ ਹੈ।ਡਿਟੈਕਟਿਵ ਸੀਨੀਅਰ ਸਰਜੰਟ ਐਂਥਨੀ ਡਾਰਵਿਲ, ਆਕਲੈਂਡ ਸਿਟੀ ਵੈਸਟ ਦੇ ਇਲਾਕਾ ਜਾਂਚ ਪ੍ਰਬੰਧਕ ਨੇ ਕਿਹਾ,“ਸ਼ਾਮ ਲਗਭਗ 3:40 ਵਜੇ ਹਥਿਆਰਬੰਦ ਹਮਲਾਵਰਾਂ ਦਾ ਇਕ ਗਰੁੱਪ ਵ੍ਹਾਈਟ ਸਵਾਨ ਰੋਡ ‘ਤੇ ਸਥਿਤ ਦੁਕਾਨ ਵਿੱਚ ਦਾਖਲ ਹੋਇਆ।”
ਉਹਨਾਂ ਕਿਹਾ, “ਕਈ ਚੀਜ਼ਾਂ ਲੈ ਜਾਣ ਤੋਂ ਬਾਅਦ ਹਮਲਾਵਰ ਇੱਕ ਵਾਹਨ ਵਿੱਚ ਭੱਜ ਗਏ, ਜਿਸਨੂੰ ਬਾਅਦ ‘ਚ ਪੁਲਿਸ ਨੇ ਬਰਾਮਦ ਕਰ ਲਿਆ ਹੈ ਅਤੇ ਹੁਣ ਇਸਦੀ ਫੋਰੈਂਜ਼ਿਕ ਜਾਂਚ ਕੀਤੀ ਜਾ ਰਹੀ ਹੈ।”
Related posts
- Comments
- Facebook comments
