ਆਕਲੈਂਡ (ਐੱਨ ਜੈੱਡ ਤਸਵੀਰ) ਨਿਊਜ਼ੀਲੈਂਡ ਦੀ ਇੱਕ ਹੋਰ ਨਿੱਜੀ ਸਿਹਤ ਸੇਵਾ ਸੰਸਥਾ Canopy Health ਵੱਡੇ ਸਾਈਬਰ ਹਮਲੇ ਦੀ ਚਪੇਟ ਵਿੱਚ ਆ ਗਈ ਹੈ। ਇਹ ਹਮਲਾ ਦੇਸ਼ ਦੇ ਸਿਹਤ ਖੇਤਰ ਵਿੱਚ ਡਿਜ਼ਿਟਲ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਰਿਹਾ ਹੈ।
ਰਿਪੋਰਟਾਂ ਮੁਤਾਬਕ, Canopy Health ਦੇ ਆਈਟੀ ਸਿਸਟਮ ਵਿੱਚ ਬਿਨਾਂ ਇਜਾਜ਼ਤ ਦਾਖ਼ਲ ਹੋ ਕੇ ਹੈਕਰਾਂ ਵੱਲੋਂ ਕੁਝ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਬਣਾਈ ਗਈ। ਕੰਪਨੀ ਨੇ ਮੰਨਿਆ ਹੈ ਕਿ ਇਸ ਦੌਰਾਨ ਕੁਝ ਮਰੀਜ਼ਾਂ ਦਾ ਡਾਟਾ ਕਾਪੀ ਹੋ ਸਕਦਾ ਹੈ, ਹਾਲਾਂਕਿ ਪਾਸਪੋਰਟ ਜਾਂ ਕਰੈਡਿਟ ਕਾਰਡ ਵਰਗੀ ਪੂਰੀ ਜਾਣਕਾਰੀ ਲੀਕ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ।
ਹਮਲੇ ਦੀ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਘਟਨਾ ਹੋਣ ਤੋਂ ਕਰੀਬ ਛੇ ਮਹੀਨੇ ਬਾਅਦ ਹੀ ਜਨਤਕ ਕੀਤੀ ਗਈ, ਜਿਸ ਕਾਰਨ ਮਰੀਜ਼ਾਂ ਅਤੇ ਸਿਹਤ ਖੇਤਰ ਨਾਲ ਜੁੜੇ ਲੋਕਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਪ੍ਰਭਾਵਿਤ ਮਰੀਜ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਮੇਂ ਸਿਰ ਜਾਣਕਾਰੀ ਨਾ ਦੇ ਕੇ ਖਤਰੇ ਵਿੱਚ ਪਾਇਆ ਗਿਆ।
Canopy Health, ਜੋ ਖ਼ਾਸ ਤੌਰ ‘ਤੇ ਬ੍ਰੈਸਟ ਕੈਂਸਰ ਦੀ ਜਾਂਚ ਅਤੇ ਇਲਾਜ ਸੇਵਾਵਾਂ ਦਿੰਦੀ ਹੈ, ਨੇ ਦਾਅਵਾ ਕੀਤਾ ਹੈ ਕਿ ਹਮਲੇ ਨੂੰ ਕਾਬੂ ਵਿੱਚ ਕਰ ਲਿਆ ਗਿਆ ਹੈ ਅਤੇ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਕੰਪਨੀ ਵੱਲੋਂ ਪ੍ਰਭਾਵਿਤ ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਹਾਲ ਹੀ ਵਿੱਚ ਇਕ ਹੋਰ ਸਿਹਤ ਡਾਟਾ ਪਲੇਟਫਾਰਮ ‘ਤੇ ਵੀ ਸਾਈਬਰ ਹਮਲੇ ਦੀ ਘਟਨਾ ਰਿਪੋਰਟ ਹੋ ਚੁੱਕੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਿਹਤ ਖੇਤਰ ਵਿੱਚ ਡਿਜ਼ਿਟਲ ਸਿਸਟਮਾਂ ‘ਤੇ ਵਧ ਰਹੀ ਨਿਰਭਰਤਾ ਦੇ ਨਾਲ-ਨਾਲ ਸਾਈਬਰ ਸੁਰੱਖਿਆ ਨੂੰ ਤੁਰੰਤ ਮਜ਼ਬੂਤ ਬਣਾਉਣ ਦੀ ਲੋੜ ਹੈ, ਨਹੀਂ ਤਾਂ ਮਰੀਜ਼ਾਂ ਦੀ ਨਿੱਜਤਾ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ।
Related posts
- Comments
- Facebook comments
